ਧਰਮਸ਼ਾਲਾ: ਹਿਮਾਚਲ ਪ੍ਰਦੇਸ਼ ਵਿੱਚ ਜੈਰਾਮ ਠਾਕੁਰ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਦਾ ਸਾਲ ਪੂਰਾ ਹੋਣ ਮੌਕੇ ਪੀਐਮ ਨਰੇਂਦਰ ਮੋਦੀ ਨੇ ਧਰਮਸ਼ਾਲਾ ਵਿੱਚ ‘ਜਨ ਆਭਾਰ ਰੈਲੀ’ ਨੂੰ ਸੰਬੋਧਨ ਕੀਤਾ। ਇਸ ਮੌਕੇ ਪੀਐਮ ਨੇ ਦਾਅਵਾ ਕੀਤਾ ਕਿ ਹਿਮਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਖੇਤਰਾਂ ਵਿੱਚ 26 ਹਜ਼ਾਰ ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ’ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਉਨ੍ਹਾਂ ਦੇ ਘਰ ਵਰਗਾ ਹੈ ਤੇ ਉਨ੍ਹਾਂ ਇੱਥੋਂ ਦੀ ਯਾਤਰਾ ਦੌਰਾਨ ਕਾਫੀ ਕੁਝ ਸਿੱਖਿਆ ਹੈ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨਾਲ ਉਨ੍ਹਾਂ ਕੰਮ ਕੀਤਾ, ਉਨ੍ਹਾਂ ਨੂੰ ਲੀਡਰ ਬਣਦਿਆਂ ਵੇਖ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੁੰਦੀ ਹੈ। ਉਨ੍ਹਾਂ ਹਿਮਾਚਲ ਪ੍ਰਦੇਸ਼ ਨੂੰ ਵੀਰ ਜਵਾਨਾਂ ਦੀ ਧਰਤੀ ਕਿਹਾ ਜੋ ਸਰਹੱਦ ’ਤੇ ਬਲੀਦਾਨ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਮੁੱਖ ਮੰਤਰੀ ਵਜੋਂ ਸਾਲ ਪੂਰਾ ਕਰਨ ’ਤੇ ਜੈਰਾਮ ਠਾਕੁਰ ਨੂੰ ਵਧਾਈ ਦਿੰਦਿਆਂ ਪੀਐਮ ਮੋਦੀ ਨੇ ਕਿਹਾ ਕਿ ਹਿਮਾਚਲ ਮੇਰੇ ਘਰ ਵਾਂਗ ਹੈ।

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕੇਂਦਰੀ ਵੱਲੋਂ ਸਮਰਥਨ ਪ੍ਰਾਪਤ ਸਕੀਮਾਂ ਦੇ ਆਮ ਲੋਕਾਂ ਲਈ ਲਾਭਾਂ ਨੂੰ ਦਰਸਾਉਂਦੀ ਸੂਬਾ ਸਰਕਾਰ ਵੱਲੋਂ ਲਾਈ ਪ੍ਰਦਰਸ਼ਨੀ ਵੀ ਦੇਖੀ। ਇਸ ਤੋਂ ਪਹਿਲਾਂ ਮੋਦੀ ਦੇ ਧਰਮਸ਼ਾਲਾ ਪਹੁੰਚਣ ਉੱਤੇ ਮੁੱਖ ਮੰਤਰੀ ਜੈਰਾਮ ਠਾਕੁਰ, ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ, ਭਾਜਪਾ ਦੇ ਕਾਂਗੜਾ ਤੋਂ ਸਾਂਸਦ ਸ਼ਾਂਤਾ ਕੁਮਾਰ ਅਤੇ ਯੂਨੀਅਨ ਸਿਹਤ ਮੰਤਰੀ ਜੇਪੀ ਨੱਡਾ ਨੇ ਉਨ੍ਹਾਂ ਦਾ ਸਵਾਗਤ ਕੀਤਾ।