ਕੋਬਰਾਪੋਸਟ ਦੇ ਆਪ੍ਰੇਸ਼ਨ ‘ਕੈਰੀਓਕੇ’ ਵਿੱਚ ਪੱਤਰਕਾਰਾਂ ਨੂੰ ਇੱਕ ਜਨਸੰਪਰਕ ਕੰਪਨੀ ਦੇ ਪ੍ਰਤੀਨਿਧੀਆਂ ਵਜੋਂ ਪੇਸ਼ ਕੀਤਾ ਗਿਆ ਸੀ ਤੇ ਅਦਾਕਾਰਾ, ਗਾਇਕਾਂ, ਡਾਂਸਰਾਂ ਤੇ ਟੀਵੀ ਸਿਤਾਰਿਆਂ ਦੇ ਮੈਨੇਜਰਾਂ ਜ਼ਰੀਏ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਥਿਤ ਤੌਰ ’ਤੇ ਇੱਕ ਸੌਦੇ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ।
ਕੋਬਰਾਪੋਸਟ ਦੇ ਪ੍ਰਧਾਨ ਸੰਪਾਦਕ ਅਨੀਰੁੱਧ ਬਹਿਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਟਿੰਗ ਕਰੀਬ 26 ਹਸਤੀਆਂ ਨਾਲ ਸਬੰਧਤ ਹੈ ਜੋ ਚੋਣਾਂ ਤੋਂ ਪਹਿਲਾਂ ਖ਼ਾਸ ਸਿਆਸੀ ਦਲਾਂ ਲਈ ਢੁਕਵਾਂ ਵਾਤਾਵਰਨ ਬਣਾਉਣ ਵਿੱਚ ਮਦਦ ਕਰਨ ਲਈ ਆਪਣੇ ਫੇਸਬੁੱਕ ਤੇ ਇੰਸਟਾਗਰਾਮ ਖ਼ਾਤੇ ’ਤੇ ਇੱਕ ਮੈਸੇਜ ਪੋਸਟ ਕਰਨ ਲਈ ਸਹਿਮਤ ਹੋਏ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਹਸਤੀਆਂ ਵਿੱਚ ਟੀਵੀ ਤੇ ਫਿਲਮੀ ਸਿਤਾਰੇ ਸ਼ਾਮਲ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਇਨ੍ਹਾਂ ਸਿਤਾਰਿਆਂ ਨੇ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਦਿੱਤੀ ਸਮੱਗਰੀ ਆਪਣੇ ਸੋਸ਼ਲ ਮੀਡੀਆ ਪੇਜਾਂ ’ਤੇ ਪੋਸਟ ਕਰਨ ਲਈ ਸਹਿਮਤੀ ਜਤਾਈ ਹੈ। ਬਹਿਲ ਨੇ ਕਿਹਾ ਕਿ ਉਹ ਬਲਾਤਕਾਰ ਵਰਗੇ ਵਿਵਾਦੀ ਮੁੱਦੇ ਤੇ ਪੁਲ਼ ਢਹਿਣ ਵਰਗੀਆਂ ਘਾਤਕ ਦੁਰਘਟਨਾਵਾਂ ’ਤੇ ਵੀ ਸਰਕਾਰ ਦਾ ਬਚਾਅ ਕਰਦੇ ਤੇ ਫਰਜ਼ੀ ਸਮਝੌਤੇ ’ਤੇ ਵੀ ਹਸਤਾਖ਼ਰ ਕਰਨ ਨੂੰ ਤਿਆਰ ਸਨ।
ਜ਼ਿਆਦਾਤਰ ਮਾਮਲਿਆਂ ਵਿੱਚ ਸਿਤਾਰਿਆਂ ਨਾਲ ਵਿਚਾਰ ਕੀਤੀ ਜਾਣ ਵਾਲੀ ਪਾਰਟੀ ਬੀਜੇਪੀ, ‘ਆਪ’ ਤੇ ਕੁਝ ਮਾਮਲਿਆਂ ਵਿੱਚ ਕਾਂਗਰਸ ਰਹੀ। ਬਹਿਲ ਨੇ ਦਾਅਵਾ ਕੀਤਾ ਕਿ ਕਈ ਹਸਤੀਆਂ ਨੇ ਆਪਣੇ ਪੈਨ ਨੰਬਰ ਤੇ ਬੈਂਕਿੰਗ ਬਿਓਰਾ ਸਾਂਝਾ ਕਰਨ ਲਈ ਵੀ ਸਹਿਮਤੀ ਜਤਾਈ ਪਰ ਜ਼ਿਆਦਾਤਰ ਸਿਤਾਰਿਆਂ ਨੇ ਨਕਦ ਅਦਾਇਗੀ ’ਤੇ ਜ਼ੋਰ ਦਿੱਤਾ।