ਨਵੀਂ ਦਿੱਲੀ: ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦਯੂਮਨ ਦੇ ਕਤਲ ਤੋਂ ਬਾਅਦ ਦਿੱਲੀ ਦੇ ਸ਼ਾਹਦਰ ਸਥਿਤ ਇੱਕ ਨਿਜੀ ਸਕੂਲ ਵਿੱਚ 5 ਸਾਲ ਦੀ ਮਾਸੂਮ ਬਾਲੜੀ ਨਾਲ ਬਲਾਤਕਾਰ ਕੀਤਾ ਗਿਆ ਹੈ। ਇਹ ਘਟਨਾ ਬੀਤੀ ਦੁਪਹਿਰ ਦੀ ਹੈ।
ਪਹਿਲੀ ਜਮਾਤ ਵਿੱਚ ਪੜ੍ਹਦੀ ਇਸ ਬੱਚੀ ਨਾਲ ਸਕੂਲ ਦੇ ਹੀ ਚਪੜਾਸੀ ਨੇ ਕੁਕਰਮ ਕੀਤਾ। ਬੀਤੇ ਕੱਲ੍ਹ ਦੁਪਿਹਰ ਨੂੰ ਉਸ ਨੇ ਬੱਚੀ ਨੂੰ ਇਕੱਲਾ ਵੇਖਦਿਆਂ ਉਸ ਨੂੰ ਚੁੱਕ ਕੇ ਖਾਲੀ ਜਮਾਤ ਵਿੱਚ ਲੈ ਗਿਆ ਤੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਸਕੂਲ ਵਿੱਚ 3 ਸਾਲਾਂ ਤੋਂ ਕੰਮ ਕਰ ਰਹੇ ਮੁਲਜ਼ਮ ਨੇ ਬੱਚੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਉਸ ਨੇ ਸਕੂਲ ਵਿੱਚ ਤਾਂ ਕਿਸੇ ਨੂੰ ਕੁਝ ਨਾ ਦੱਸਿਆ ਤੇ ਜਦੋਂ ਸ਼ਾਮ ਨੂੰ ਘਰ ਪਹੁੰਚ ਕੇ ਪੀੜ ਹੋਣ ਲੱਗੀ ਤਾਂ ਉਸ ਨੇ ਆਪਣੀ ਮਾਂ ਨੂੰ ਆਪ ਬੀਤੀ ਸੁਣਾਈ।
ਮੈਡੀਕਲ ਜਾਂਚ ਵਿੱਚ ਬੱਚੀ ਨਾਲ ਸਰੀਰਕ ਸ਼ੋਸ਼ਣ ਦੀ ਪੁਸ਼ਟੀ ਹੋ ਗਈ ਹੈ। ਡੂੰਘੇ ਸਦਮੇ ਦਾ ਸ਼ਿਕਾਰ ਬਾਲੜੀ ਦਾ ਮਨੋਵਿਗਿਆਨਕ ਮਾਹਰ ਤੋਂ ਇਲਾਜ ਜਾਰੀ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਬੀਤੇ ਦੋ ਦਿਨਾਂ ਵਿੱਚ ਹੀ ਕੌਮੀ ਰਾਜਧਾਨੀ ਵਿੱਚ ਬੱਚਿਆਂ ਨਾਲ ਵਾਪਰੀਆਂ 3 ਘਟਨਾਵਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਹਿਲਾਂ ਰਿਆਨ ਇੰਟਰਨੈਸ਼ਨਲ ਸਕੂਲ ਦੇ ਦੂਜੀ ਜਮਾਤ ਦੇ ਵਿਦਿਆਰਥੀ ਦਾ ਸਰੀਰਕ ਸ਼ੋਸ਼ਣ ਦੀ ਕੋਸ਼ਿਸ਼ ਵਿੱਚ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ, ਦੂਜਾ ਸਕੂਲ ਵੈਨ ਦੀ ਲਪੇਟ ਵਿੱਚ ਆ ਕੇ ਛੋਟੇ ਬੱਚੇ ਦੀ ਮੌਤ ਤੇ ਫਿਰ ਮਾਸੂਮ ਬਾਲੜੀ ਨਾਲ ਬਲਾਤਕਾਰ ਦੀ ਘਟਨਾ।
ਇੰਨੀਆਂ ਘਿਨਾਉਣੀਆਂ ਵਾਰਦਾਤਾਂ ਸਾਮ੍ਹਣੇ ਆਉਣ ਤੋਂ ਬਾਅਦ ਮਾਪਿਆਂ ਦਾ ਸਕੂਲਾਂ ਪ੍ਰਤੀ ਰੋਹ ਹੋਰ ਵੀ ਵਧ ਗਿਆ ਹੈ। ਪ੍ਰਸ਼ਾਸਨ ਤੇ ਸਰਕਾਰ 'ਤੇ ਇਹ ਵੱਡਾ ਸਵਾਲ ਖੜ੍ਹਾ ਕਰਦਾ ਹੈ ਕਿ ਆਖ਼ਰ ਬੱਚੇ ਸਕੂਲਾਂ ਵਿੱਚ ਹੀ ਕਿਉਂ ਨਹੀਂ ਸੁਰੱਖਿਅਤ।