ਨਵੀਂ ਦਿੱਲੀ: ਸਰਕਾਰੀ ਬੈਂਕਾਂ ਦੇ ਕਰੀਬ 74 ਫੀਸਦੀ ਏਟੀਐਮ ਆਊਟਡੇਟਡ ਸਾਫਟਵੇਅਰ ਵਾਲੇ ਹਨ। ਇਸ ਕਾਰਨ ਇਹ ਆਸਾਨੀ ਨਾਲ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ। ਪਿਛਲੇ ਹਫਤੇ ਸੰਸਦ 'ਚ ਪੁੱਛੇ ਸਵਾਲ ਦੇ ਜਵਾਬ 'ਚ ਇਹ ਖੁਲਾਸਾ ਹੋਇਆ ਹੈ।


ਮੌਜੂਦਾ ਸਮੇਂ ਭਾਰਤ 'ਚ ਦੋ ਲੱਖ ਤੋਂ ਵੱਧ ਏਟੀਐਮ ਹਨ ਇਨ੍ਹਾਂ 'ਚ ਕਰੀਬ 70 ਫੀਸਦੀ ਅਜੇ ਵੀ ਵਿੰਡੋਜ਼ ਐਕਸਪੀ ਸਾਫਟਵੇਅਰ ਨਾਲ ਚੱਲ ਰਹੇ ਹਨ। ਹਾਲਾਂਕਿ ਇਸ ਸਾਫਟਵੇਅਰ ਨੂੰ ਮਾਇਕ੍ਰੋਸਾਫਟ ਨੇ ਸਾਲ 2014 ਤੋਂ ਸਪੋਰਟ ਕਰਨਾ ਬੰਦ ਕਰ ਦਿੱਤਾ ਹੈ।


ਜੂਨ 'ਚ ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਉਹ ਜੂਨ 2019 ਤੱਕ ਆਪਣੇ ਸਾਰੇ ਏਟੀਐਮ ਅਪਗ੍ਰੇਡ ਕਰਨ ਨਹੀਂ ਤਾਂ ਉਨ੍ਹਾਂ ਖਿਲਾਫ ਕਾਰਵਾਈ ਹੋਵੇਗੀ।


ਪਿਛਲੇ ਸਾਲ ਅਪ੍ਰੈਲ 'ਚ ਵੀ ਰਿਜ਼ਰਵ ਬੈਂਕ ਨੇ ਇੱਕ ਗੁਪਤ ਸਰਕੂਲਰ ਭੇਜ ਕੇ ਉਨ੍ਹਾਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਸੀ ਜੋ ਏਟੀਐਮ 'ਚ ਵਿਡੋਜ਼ ਐਕਸਪੀ ਜਾਂ ਹੋਰ ਬਿਨਾਂ ਸਪੋਰਟ ਵਾਲੇ ਆਪਰੇਟਿੰਗ ਸਿਸਟਮ ਦੀ ਵਰਤੋ ਨਾਲ ਹੋ ਸਕਦੀਆਂ ਹਨ। ਹਾਲਾਂਕਿ ਬੈਂਕਾਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਨਾਲ ਗਾਹਕਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।


ਰਿਜ਼ਰਵ ਬੈਂਕ ਨੇ ਬੈਂਕਾਂ ਤੇ ਹੋਰ ਏਟੀਐਮ ਆਪਰੇਟਰਸ ਨੂੰ ਬੇਸਿਕ ਇਨਪੁਟ/ਆਊਟਪੁੱਟ ਸਿਸਟਮ ਪਾਸਵਰਡ, ਯੂਐਸਬੀ ਪੋਰਟਸ ਨੂੰ ਡਿਸਏਬਲ ਕਰਨ, ਆਟੋ ਰਨ ਸੁਵਿਧਾ ਨੂੰ ਡਿਸਏਬਲ ਕਰਨ, ਆਧੁਨਿਕ ਸਾਫਟਵੇਅਰ ਵਰਤਣ, ਟਰਮੀਨਲ ਸੁਰੱਖਿਆ ਹੱਲ ਤੇ ਟਾਇਮ ਬੇਸਡ ਐਡਮਿਨ ਐਕਸੈਸ ਜਿਹੇ ਸੁਰੱਖਿਆ ਨਾਲ ਸਬੰਧਤ ਕੰਮ ਅਗਸਤ ਤੱਕ ਯਕੀਨੀ ਬਣਾਉਣ ਲਈ ਕਿਹਾ ਹੈ।