ਨਵੀਂ ਦਿੱਲੀ: ਭਾਰਤ 'ਚ ਸਾਲ 2017 'ਚ 8,02,000 ਬੱਚਿਆਂ ਦੀ ਮੌਤ ਹੋਈ ਹੈ। ਉਂਝ ਇਹ ਅੰਕੜਾ ਪੰਜ ਸਾਲਾਂ 'ਚ ਘਟਿਆ ਹੈ। ਸ਼ਿਸ਼ੂ ਮੌਤ ਦਰ ਅਨੁਮਾਨ ਤੇ ਸੰਯੁਕਤ ਰਾਸ਼ਟਰ ਦੀ ਏਜੰਸੀ (ਯੂਐਨਆਈਜੀਐਮਈ) ਨੇ ਆਪਣੀ ਤਾਜ਼ਾ ਰਿਪੋਰਟ 'ਚ ਇਹ ਦਾਅਵਾ ਕੀਤਾ ਹੈ। ਯੂਐਨਆਈਜੀਐਮਈ ਦੀ ਰਿਪੋਰਟ ਮੁਤਾਬਕ ਭਾਰਤ 'ਚ ਸਾਲ 2017 'ਚ 6,05,000 ਨਵਜਨਮੇ ਬੱਚਿਆਂ ਦੀ ਮੌਤ ਦਰਜ ਕੀਤੀ ਗਈ ਜਦਕਿ ਪੰਜ ਤੋਂ 14 ਸਾਲ ਉਮਰ ਵਰਗ ਦੇ 1,52,000 ਬੱਚਿਆਂ ਦੀ ਮੌਤ ਹੋਈ।


ਰਿਪੋਰਟ ਮੁਤਾਬਕ ਪਿਛਲੇ ਸਾਲ ਭਾਰਤ 'ਚ ਕਰੀਬ 8,02,000 ਬੱਚਿਆਂ ਦੀ ਮੌਤ ਦਰਜ ਕੀਤੀ ਗਈ। ਯੂਨੀਸੇਫ ਇੰਡੀਆ ਦੀ ਪ੍ਰਤੀਨਿਧੀ ਯਾਸਮੀਨ ਅਲੀ ਹਕ ਨੇ ਕਿਹਾ ਕਿ ਸ਼ਿਸ਼ੂ ਮੌਤ ਦਰ ਦੇ ਮਾਮਲੇ 'ਚ ਭਾਰਤ 'ਚ ਸੁਧਾਰ ਹੋ ਰਿਹਾ ਹੈ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਭਾਰਤ 'ਚ ਜਨਮ ਤੋਂ ਲੈ ਕੇ ਪੰਜ ਸਾਲ ਉਮਰ ਵਰਗ ਤੱਕ ਦੇ ਬੱਚਿਆਂ ਦੀ ਮੌਤ ਦਰ ਇਸੇ ਉਮਰ ਵਰਗ ਦੇ ਜਨਮ ਦਰ ਦੇ ਬਰਾਬਰ ਹੈ।


ਉਨ੍ਹਾਂ ਕਿਹਾ ਕਿ ਹਸਪਤਾਲਾਂ 'ਚ ਵਾਧਾ, ਨਵਜਾਤ ਬੱਚਿਆਂ ਦੀ ਦੇਖਭਾਲ ਲਈ ਸੁਵਿਧਾਵਾਂ ਦਾ ਵਿਕਾਸ ਤੇ ਟੀਕਾਕਰਨ ਬਿਹਤਰ ਹੋਣ ਨਾਲ ਸ਼ਿਸ਼ੂ ਮੌਤ ਦਰ 'ਚ ਕਮੀ ਆਈ ਹੈ। ਨਵਜਾਤ ਸ਼ਿਸ਼ੂ ਮੌਤ ਦਰ 2016 'ਚ 8.67 ਲੱਖ ਦੇ ਮੁਕਾਬਲੇ ਘੱਟ ਹੋ ਕੇ 2017 'ਚ 8.02 ਲੱਖ ਹੋ ਗਈ। 2016 'ਚ ਭਾਰਤ 'ਚ ਸ਼ਿਸ਼ੂ ਮੌਤ ਦਰ 44 ਸ਼ਿਸ਼ੂ ਪ੍ਰਤੀ 1000 ਸੀ।


ਜੇਕਰ ਲਿੰਗ ਆਧਾਰਤ ਸ਼ਿਸ਼ੂ ਮੌਤ ਦਰ ਦੀ ਗੱਲ ਕੀਤੀ ਜਾਵੇ ਤਾਂ 2017 'ਚ ਲੜਕਿਆਂ 'ਚ ਇਹ ਪ੍ਰਤੀ 1000 ਬੱਚਿਆਂ ਪਿੱਛੇ 30 ਸੀ ਜਦਕਿ ਲੜਕੀਆਂ 'ਚ ਇਹ ਪ੍ਰਤੀ 1000 ਬੱਚੀਆਂ ਪਿੱਛੇ 40 ਸੀ। ਯਾਸਮੀਨ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਕਿ ਪਿਛਲੇ ਪੰਜ ਸਾਲਾਂ 'ਚ ਲਿੰਗ ਅਨੁਪਾਤ 'ਚ ਵੀ ਸੁਧਾਰ ਆਇਆ ਤੇ ਲੜਕੀਆਂ ਦੀ ਜਨਮ ਦਰ 'ਚ ਵਾਧਾ ਹੋਇਆ ਹੈ।