ਰੌਬਟ ਦੀ ਰਿਪੋਰਟ
ਚੰਡੀਗੜ੍ਹ: 26 ਨਵੰਬਰ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨ ਲਈ ਤਿਆਰ ਬੈਠੇ ਹਨ ਪਰ ਹਰਿਆਣਾ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਤਿਆਰੀ ਵਿੱਚ ਹੈ। ਭਾਰਤੀ ਕਿਸਾਨ ਯੂਨੀਅਨ ਨੇ ਜੀਂਦ ਵਿੱਚ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਹਰਿਆਣਾ ਦੇ 35, ਪੰਜਾਬ ਦੇ 65 ਤੇ ਰਾਜਸਥਾਨ ਦੇ 45 ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਕਿਸਾਨਾਂ ਨੇ ਪੁਲਿਸ ਦੇ ਇਸ ਐਕਸ਼ਨ ਦੀ ਸਖ਼ਤ ਨਿੰਦਾ ਕੀਤੀ ਹੈ।
ਕਿਸਾਨਾਂ ਨੇ ਪੁਲਿਸ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਪੁਲਿਸ ਚਾਹੇ ਜਿੰਨੇ ਮਰਜ਼ੀ ਕਿਸਾਨਾਂ ਨੂੰ ਚੁੱਕ ਲਵੇ, ਫੇਰ ਵੀ ਕਿਸਾਨਾਂ ਲੱਖਾਂ ਦੀ ਗਿਣਤੀ ਵਿੱਚ ਦਿੱਲੀ ਪਹੁੰਚਣਗੇ। ਕਿਸਾਨ ਪੈਰ ਪਿੱਛੇ ਨਹੀਂ ਕਰਨਗੇ ਭਾਵੇਂ ਸਰਕਾਰ ਗੋਲੀ ਚਲਾ ਦੇਵੇ। ਕਿਸਾਨ ਆਗੂਆਂ ਨੇ ਕਿਹਾ ਹਰਿਆਣਾ ਦੇ 4 ਅਤੇ ਯੂਪੀ ਦੇ ਇੱਕ ਰਸਤੇ ਤੋਂ ਕਿਸਾਨ ਦਿੱਲੀ ਵਿੱਚ ਐਂਟਰੀ ਕਰਨਗੇ। ਹਰਿਆਣਾ ਦੇ ਰੋਹਤਕ ਰੋਡ, ਕਰਨਾਲ ਰੋਡ, ਗੁਰੂਗ੍ਰਾਮ ਰੋਜ ਤੇ ਆਗਰਾ ਰੋਡ ਤੋਂ ਐਂਟਰੀ ਕਰਨਗੇ।
ਉਧਰ. ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਏਗਾ। ਹਰਿਆਣਾ ਪੁਲਿਸ ਉਨ੍ਹਾਂ ਤੇ ਸਖ਼ਤੀ ਕਰੇਗੀ। ਅਜਿਹੇ ਵਿੱਚ ਕਿਸਾਨਾਂ ਦਾ ਪੁਲਿਸ ਨਾਲ ਟਕਰਾਅ ਵੀ ਹੋ ਸਕਦਾ ਹੈ ਤੇ 26 ਨਵੰਬਰ ਨੂੰ ਕਈ ਵੱਡੇ ਹਾਈਵੇਅ ਜਾਮ ਹੋ ਸਕਦੇ ਹਨ।
ਇਸ ਦੌਰਾਨ ਹਰਿਆਣਾ ਦੇ ਕਰਨਾਲ IG ਦਾ ਵੱਡਾ ਬਿਆਨ ਵੀ ਆਇਆ ਹੈ। ਆਈਜੀ ਭਾਰਤੀ ਅਰੋੜਾ ਨੇ ਸਾਫ ਕਿਹਾ ਹੈ ਕਿ 26 ਤੇ 27 ਨਵੰਬਰ ਨੂੰ ਕਿਸਾਨਾਂ ਨੂੰ ਦਿੱਲੀ ਵੱਲ ਨੂੰ ਕੂਚ ਨਹੀਂ ਕਰਨ ਦਿੱਤਾ ਜਾਏਗਾ। ਆਈਜੀ ਭਾਰਤੀ ਅਰੋੜਾ ਨੇ ਮੰਗਲਵਾਰ ਇਹ ਕਹਿ ਦਿੱਤਾ ਹੈ ਕਿ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਨਹੀਂ ਕਰਨ ਦਿੱਤਾ ਜਾਏਗਾ।
ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਵੀ ਸਥਿਤੀ ਖਰਾਬ ਨਾ ਹੋਵੇ ਇਸ ਲਈ ਪੁਲਿਸ ਤੇ ਪ੍ਰਸ਼ਾਸਨ ਤਿਆਰ ਕਰ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਆਮ ਲੋਕ ਹਾਈਵੇਅ ਵੱਲ ਨਾ ਜਾਣ। ਆਈਜੀ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਟਕਰਾ ਦੀ ਸਥਿਤੀ ਪੈਦਾ ਨਾ ਕੀਤੀ ਜਾਏ।