Aadhaar Card : ਅਪਰਾਧੀ ਲੋਕਾਂ ਨੂੰ ਠੱਗਣ ਲਈ ਨਵੀਆਂ-ਨਵੀਆਂ ਚਾਲਾਂ ਚੱਲਦੇ ਰਹਿੰਦੇ ਹਨ, ਕਦੇ ਓਟੀਪੀ ਦੇ ਨਾਂ 'ਤੇ ਅਤੇ ਕਦੇ ਆਧਾਰ ਕਾਰਡ ਦੇ ਨਾਂ 'ਤੇ ਘੁਟਾਲੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹਾਲ ਹੀ 'ਚ ਯੂਪੀ ਦੇ ਗਾਜ਼ੀਆਬਾਦ ਇਲਾਕੇ 'ਚ ਇੱਕ ਔਰਤ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਤੋਂ ਪੈਸੇ ਲੈਣ ਲਈ ਸਾਈਬਰ ਅਪਰਾਧੀਆਂ ਨੇ ਕੋਰੀਅਰ 'ਚ ਗੈਰ-ਕਾਨੂੰਨੀ ਸਾਮਾਨ ਦਾ ਰਸਤਾ ਚੁਣਿਆ। ਆਖਰ ਇੱਕ ਕਾਲ ਨਾਲ ਔਰਤ ਦੇ ਖਾਤੇ ਤੋਂ ਕਿਵੇਂ ਉੱਡ ਗਏ ਪੈਸੇ ਤੇ ਇਸ ਮਾਮਲੇ ਵਿੱਚ ਕੀ ਹੈ ਆਧਾਰ ਕਨੈਕਸ਼ਨ?ਆਓ ਜਾਣਦੇ ਹਾਂ...



ਜਾਣੋ ਕੀ ਹੈ ਸਾਰਾ ਮਾਮਲਾ
ਪਹਿਲੀ ਕਾਲ ਆਉਣ 'ਤੇ ਜਦੋਂ ਕੋਰੀਅਰ ਵਿੱਚ ਗੈਰ-ਕਾਨੂੰਨੀ ਸਾਮਾਨ ਬਾਰੇ ਦੱਸਿਆ ਗਿਆ ਤਾਂ ਔਰਤ ਸਮਝ ਗਈ ਕਿ ਠੱਗ ਕਾਲ ਕਰ ਰਹੇ ਹਨ। ਇਸ ਲਈ ਔਰਤ ਨੇ ਤੁਰੰਤ ਕਾਲ ਕੱਟ ਦਿੱਤੀ, ਪਰ ਇੱਕ ਵਾਰ ਫਿਰ ਔਰਤ ਨੂੰ ਉਸੇ ਨੰਬਰ ਤੋਂ ਕਾਲ ਆਈ। ਕਾਲ ਚੁੱਕਦੇ ਹੀ ਔਰਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਠੱਗਾਂ ਨੇ ਕਿਹਾ, ਇਹੀ ਹੈ ਨਾ ਤੁਹਾਡਾ ਆਧਾਰ ਕਾਰਡ ਨੰਬਰ...? ਆਧਾਰ ਕਾਰਡ ਦਾ ਨੰਬਰ ਸੁਣ ਕੇ ਔਰਤ ਹੈਰਾਨ ਰਹਿ ਗਈ ਤੇ ਫਿਰ ਔਰਤ ਨੂੰ ਲੱਗਾ ਕਿ ਕਾਲ ਕਿਸੇ ਠੱਗ ਦੀ ਨਹੀਂ ਕਿਉਂਕਿ ਨੰਬਰ ਬਿਲਕੁਲ ਸਹੀ ਸੀ। 



ਠੱਗਾਂ ਤੱਕ ਆਧਾਰ ਨੰਬਰ ਕਿਵੇਂ ਪਹੁੰਚਦਾ?
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੰਪਨੀਆਂ ਤੋਂ ਡਾਟਾ ਲੀਕ ਕਰਕੇ ਵੇਚਿਆ ਜਾ ਰਿਹਾ ਹੈ। ਇਸ ਕਾਰਨ ਵੱਖ-ਵੱਖ ਕੰਪਨੀਆਂ ਨੂੰ ਚੌਕਸ ਰਹਿਣ ਲਈ ਕਿਹਾ ਜਾ ਰਿਹਾ ਹੈ। ਸਿਰਫ ਡਾਟਾ ਲੀਕ ਦੇ ਜ਼ਰੀਏ ਹੀ ਆਧਾਰ ਨੰਬਰ ਧੋਖਾਧੜੀ ਕਰਨ ਵਾਲਿਆਂ ਤੱਕ ਨਹੀਂ ਪਹੁੰਚਦਾ, ਸਗੋਂ ਲੋਕ ਗਲਤੀ ਨਾਲ ਜਾਂ ਅਣਜਾਣੇ 'ਚ ਆਧਾਰ ਨੰਬਰ ਨੂੰ ਗਲਤ ਜਗ੍ਹਾ 'ਤੇ ਸ਼ੇਅਰ ਕਰ ਦਿੰਦੇ ਹਨ। ਇਸ ਕਾਰਨ ਧੋਖਾਧੜੀ ਕਰਨ ਵਾਲਿਆਂ ਤੱਕ ਆਧਾਰ ਨੰਬਰ ਪਹੁੰਚ ਜਾਂਦਾ ਹੈ। ਅਜਿਹੇ 'ਚ ਆਧਾਰ ਨੰਬਰ ਸ਼ੇਅਰ ਕਰਨ ਤੋਂ ਪਹਿਲਾਂ 100 ਵਾਰ ਸੋਚੋ। 



ਬੈਂਕ ਜਾਏ ਬਿਨਾਂ ਘਰ ਬੈਠੇ ਹੀ ਅੱਪਡੇਟ ਹੋਵੇਗਾ KYC, ਇਹ ਆਸਾਨ ਉਪਾਅ ਕਰਨਗੇ ਕੰਮ
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ 7.5 ਮਹੀਨਿਆਂ ਵਿੱਚ ਹੁਣ ਤੱਕ 85 ਤੋਂ ਵੱਧ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ ਤੇ 70 ਲੱਖ ਤੋਂ ਵੱਧ ਦਾ ਨੁਕਸਾਨ ਕਰਵਾ ਚੁੱਕੇ ਹਨ। ਜਿਸ ਵਿਅਕਤੀ ਨੇ ਮਹਿਲਾ ਨੂੰ ਫੋਨ ਕੀਤਾ, ਉਸ ਨੇ ਆਪਣੇ ਆਪ ਨੂੰ ਕ੍ਰਾਈਮ ਬ੍ਰਾਂਚ ਦਾ ਅਧਿਕਾਰੀ ਦੱਸ ਕੇ ਜਾਲ ਵਿਛਾਇਆ ਤੇ ਔਰਤ ਨਾਲ 93 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। 


ਆਧਾਰ ਧੋਖਾਧੜੀ ਕਿਵੇਂ ਹੁੰਦੀ?
ਆਧਾਰ ਨਾਲ ਜੁੜੀ ਧੋਖਾਧੜੀ ਬਾਰੇ ਤੁਸੀਂ ਕਈ ਵਾਰ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ ਕਿ ਆਧਾਰ ਨਾਲ ਧੋਖਾਧੜੀ ਕਿਵੇਂ ਹੁੰਦੀ ਹੈ? ਜੇਕਰ ਤੁਹਾਡਾ ਜਵਾਬ ਨਾਂਹ ਵਿੱਚ ਹੈ, ਤਾਂ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਅਜਿਹੀਆਂ ਕਈ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਸ ਵਿੱਚ ਦੱਸਿਆ ਗਿਆ ਸੀ ਕਿ ਧੋਖਾਧੜੀ ਕਰਨ ਵਾਲੇ ਖਾਤਿਆਂ ਨੂੰ ਸਾਫ ਕਰਨ ਲਈ ਆਧਾਰ ਬਾਇਓਮੈਟ੍ਰਿਕਸ ਦੀ ਵਰਤੋਂ ਕਰ ਰਹੇ ਹਨ।


ਕੁਝ ਮਹੀਨੇ ਪਹਿਲਾਂ ਧੋਖੇਬਾਜ਼ਾਂ ਨੇ ਇੱਕ ਵਿਅਕਤੀ ਦੀ ਮਾਂ ਦੇ ਖਾਤੇ ਵਿੱਚੋਂ ਪੈਸੇ ਕਢਵਾ ਲਏ ਸਨ ਤੇ ਬੈਂਕ ਤੋਂ ਕੋਈ ਸੁਨੇਹਾ ਨਹੀਂ ਆਇਆ। ਇੱਕ ਦਿਨ ਪਾਸਬੁੱਕ ਅਪਡੇਟ ਕਰਨ ਤੋਂ ਬਾਅਦ ਇਸ ਬਾਰੇ ਪਤਾ ਲੱਗਿਆ। ਬੈਂਕ ਮੈਨੇਜਰ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਧੋਖੇਬਾਜ਼ਾਂ ਨੇ ਚੋਰੀ ਕੀਤੇ ਆਧਾਰ ਬਾਇਓਮੈਟ੍ਰਿਕਸ ਦੀ ਵਰਤੋਂ ਕੀਤੀ ਤੇ ਫਿਰ ਖਾਤਾ ਖਾਲੀ ਕਰ ਦਿੱਤਾ।



ਇਸ ਤਰ੍ਹਾਂ ਸੁਰੱਖਿਅਤ ਰਹੋ
ਗਲਤੀ ਨਾਲ ਵੀ ਅਣਜਾਣ ਸਾਈਟਾਂ 'ਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ।


ਆਪਣੇ ਦਸਤਾਵੇਜ਼ਾਂ ਨੂੰ ਕਿਸੇ ਅਣਜਾਣ ਵਿਅਕਤੀ ਨਾਲ ਸਾਂਝਾ ਨਾ ਕਰੋ। ਜੇਕਰ ਤੁਸੀਂ ਦਸਤਾਵੇਜ਼ ਦੀ ਫੋਟੋ ਕਾਪੀ ਕਰਵਾਉਣ ਗਏ ਹੋ ਤਾਂ ਇਹ ਆਪਣੇ ਸਾਹਮਣੇ ਹੀ ਕਰਵਾਓ।


ਜੇਕਰ ਤੁਹਾਨੂੰ ਕਦੇ ਕੋਈ ਕਾਲ ਆਉਂਦੀ ਹੈ ਤੇ ਕੋਈ ਅਣਜਾਣ ਵਿਅਕਤੀ ਤੁਹਾਡੇ ਤੋਂ ਪੈਸੇ ਦੀ ਮੰਗ ਕਰਦਾ ਹੈ ਤਾਂ ਪੈਸੇ ਟ੍ਰਾਂਸਫਰ ਨਾ ਕਰੋ ਤੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਕਰੋ।


ਆਧਾਰ ਬਾਇਓਮੈਟ੍ਰਿਕ ਨੂੰ UIDAI ਦੀ ਅਧਿਕਾਰਤ ਸਾਈਟ 'ਤੇ ਜਾ ਕੇ ਲੌਕ ਕੀਤਾ ਜਾ ਸਕਦਾ ਹੈ, ਤਾਂ ਜੋ ਕੋਈ ਵੀ ਤੁਹਾਡੇ ਬਾਇਓਮੈਟ੍ਰਿਕਸ ਤੱਕ ਪਹੁੰਚ ਨਾ ਕਰ ਸਕੇ।