ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੱਡਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਹੈ ਕਿ ਉਹ ਆਪਣੇ ਮੌਜੂਦਾ ਕਿਸੇ ਵੀ ਮੰਤਰੀ ਨੂੰ ਆਉਣ ਵਾਲੀਆਂ ਚੋਣਾਂ ‘ਚ ਟਿਕਟ ਨਹੀਂ ਦੇਵੇਗੀ। 'ਆਪ' ਦੇ ਨੇਤਾ ਗੋਪਾਲ ਰਾਏ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।


ਦਿੱਲੀ ਦੇ ਸੂਬਾ ਪ੍ਰਧਾਨ ਗੋਪਾਲ ਰਾਏ ਨੇ ਦੱਸਿਆ ਕਿ ਦਿੱਲੀ, ਹਰਿਆਣਾ ਤੇ ਪੰਜਾਬ ‘ਚ ਉਮੀਦਵਾਰਾਂ ਦਾ ਐਲਾਨ ਚੋਣਾਂ ਦੀ ਸੂਚਨਾ ਤੋਂ ਪਹਿਲਾਂ ਕਰ ਦੇਣਗੇ। ਗੋਪਾਲ ਰਾਏ ਨੇ ਕਿਹਾ, “ਅਸੀਂ ਮੌਜੂਦਾ ਵਿਧਾਇਕਾਂ ਤੇ ਮੰਤਰੀਆਂ ਨੂੰ ਟਿਕਟ ਨਹੀਂ ਦਵਾਂਗੇ।”

ਆਮ ਆਦਮੀ ਪਾਰਟੀ ਨੇ ਦਿੱਲੀ ਦੀ ਸੱਤ ਵਿੱਚੋਂ ਛੇ ਲੋਕ ਸਭਾ ਸੀਟਾਂ ‘ਤੇ ਇੰਚਾਰਜ ਨਿਯੁਕਤ ਕਰ ਦਿੱਤੇ ਹਨ। ਪੱਛਮੀ ਦਿੱਲੀ ‘ਚ ਅਜੇ ਵੀ ਇੰਚਾਰਜ ਦੇ ਨਾਂ ਦਾ ਐਲਾਨ ਹੋਣਾ ਬਾਕੀ ਹੈ। ਪਾਰਟੀ ਦਿੱਲੀ ‘ਚ ਬਿਨਾ ਕਿਸੇ ਗਠਬੰਧਨ ਚੋਣ ਲੜੇਗੀ। ਪਹਿਲਾਂ 'ਆਪ' ਤੇ ਕਾਂਗਰਸ ਦੇ ਗਠਬੰਧਨ ਦੀਆਂ ਖ਼ਬਰਾਂ ਸੀ ਜਿਸ ਨੂੰ ਦੋਵਾਂ ਪਾਰਟੀਆਂ ਨੇ ਖਾਰਜ ਕੀਤਾ ਹੈ।