ABP Ideas of India: ਨੋਬਲ ਐਵਾਰਡ ਜੇਤੂ ਕੈਲਾਸ਼ ਸਤਿਆਰਥੀ ਨੇ ABP ਨਿਊਜ਼ 'ਆਈਡੀਆਜ਼ ਆਫ਼ ਇੰਡੀਆ ਸਮਿਟ 2022' ਵਿੱਚ ਹਿੱਸਾ ਲਿਆ। ਉਨ੍ਹਾਂ ‘ਦ ਹਿਊਮੈਨਿਟੀ ਇੰਡੈਕਸ’ ਵਿਸ਼ੇ 'ਤੇ ਵਿਚਾਰ-ਚਰਚਾ ਕੀਤੀ। ਕੈਲਾਸ਼ ਸਤਿਆਰਥੀ ਨੇ ਕਿਹਾ ਕਿ ਭਾਰਤ ਦਾ ਅਸਲੀ ਵਿਕਾਸ ਤਾਂ ਹੀ ਹੋਵੇਗਾ ਜਦੋਂ ਸਾਰਿਆਂ ਨੂੰ ਬਰਾਬਰ ਸਿੱਖਿਆ ਮਿਲੇਗੀ, ਨਾਲ ਹੀ ਅਸੀਂ ਆਖਰੀ ਕਤਾਰ 'ਚ ਖੜ੍ਹੇ ਹਰ ਬੱਚੇ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣ ਲਈ ਕੰਮ ਕਰਾਂਗੇ।



ਦੇਸ਼ ਦੇ ਹਰ ਬੱਚੇ ਨੂੰ ਮਿਲੇ ਚੰਗੀ ਸਿੱਖਿਆ ਦਾ ਅਧਿਕਾਰ
ਭਾਰਤ ਨੂੰ ਅਗਲੇ 25 ਸਾਲਾਂ 'ਚ ਅਜਿਹਾ ਕੀ ਕਰਨਾ ਚਾਹੀਦਾ ਹੈ ਤਾਂ ਜੋ ਭਾਰਤ ਨੂੰ ਸੋਨੇ ਦੀ ਚਿੜੀ ਦੇ ਰੂਪ 'ਚ ਦੇਖਿਆ ਜਾ ਸਕੇ। ਇਸ ਸਵਾਲ ਦੇ ਜਵਾਬ 'ਚ ਕੈਲਾਸ਼ ਸਤਿਆਰਥੀ ਨੇ ਕਿਹਾ ਕਿ ਦੇਸ਼ ਦਾ ਹਰ ਬੱਚਾ ਨਿਡਰ ਹੋ ਕੇ ਪੂਰੀ ਆਜ਼ਾਦੀ ਨਾਲ ਸਕੂਲੀ ਜਮਾਤ 'ਚ ਹੋਣਾ ਚਾਹੀਦਾ ਹੈ। ਉਸ ਨੂੰ ਉਸੇ ਤਰ੍ਹਾਂ ਸਿੱਖਿਆ ਮਿਲੇ, ਜਿਸ ਤਰ੍ਹਾਂ ਦੀ ਦੇਸ਼ ਦੇ ਵੱਡੇ ਉਦਯੋਗਪਤੀਆਂ ਤੇ ਨੇਤਾਵਾਂ ਦੇ ਬੱਚਿਆਂ ਨੂੰ ਮਿਲ ਰਹੀ ਹੈ।

ਇਸ ਵਿਚਾਰ ਨੂੰ ਮਾਪਣ ਲਈ ਮੇਰੇ ਕੋਲ ਗਾਂਧੀ ਜੀ ਤੋਂ ਪ੍ਰੇਰਿਤ ਇੱਕ ਪੈਮਾਨਾ ਹੈ ਕਿ ਦੇਸ਼ ਦੇ ਇੱਕ ਬਹੁਤ ਗਰੀਬ ਖੇਤਰ 'ਚ ਇੱਕ ਅਜਿਹੀ ਕੁੜੀ ਦੀ ਕਲਪਨਾ ਕਰੋ, ਜੋ ਗੁਲਾਮੀ 'ਚ ਜਨਮੀ ਹੋਵੇ, ਜਿਸ ਦੇ ਮਾਪੇ ਬੰਧੂਆ ਮਜ਼ਦੂਰੀ 'ਚ ਰਹਿੰਦੇ ਹਨ। ਜਿਸ ਬੱਚੇ ਨੂੰ ਹਰ ਤਰ੍ਹਾਂ ਦੇ ਜਿਨਸੀ ਸ਼ੋਸ਼ਣ ਲਈ ਤਸਕਰੀ ਲਈ ਵਰਤਿਆ ਜਾ ਸਕਦਾ ਹੈ। ਜੇਕਰ ਅੱਜ ਅਸੀਂ ਸਾਰੇ ਉਸ ਕੁੜੀ ਦੇ ਚਿਹਰੇ 'ਤੇ ਮੁਸਕਰਾਹਟ ਲਿਆ ਦੇਈਏ ਤਾਂ 25 ਸਾਲ ਬਾਅਦ ਭਾਰਤ ਦੁਨੀਆਂ ਦਾ ਸਭ ਤੋਂ ਮਹਾਨ ਦੇਸ਼ ਹੋਵੇਗਾ।

ਸੁਪਨਿਆਂ 'ਚ ਹੁੰਦੀ ਵੱਡੀ ਸ਼ਕਤੀ
ਨੋਬਲ ਸ਼ਾਂਤੀ ਐਵਾਰਡ ਹਾਸਲ ਕਰਨ ਵਾਲੇ ਕੈਲਾਸ਼ ਸਤਿਆਰਥੀ ਨੇ ਕਿਹਾ ਕਿ ਮੈਂ ਜੋ ਵੀ ਕਿਹਾ ਹੈ ਉਹ ਸੰਭਵ ਹੈ। ਜਦੋਂ ਮੈਂ ਸ਼ੁਰੂ ਕੀਤਾ ਤਾਂ ਇਹ ਕੋਈ ਮੁੱਦਾ ਨਹੀਂ ਸੀ। ਬਾਲ ਮਜ਼ਦੂਰੀ, ਬਾਲ ਤਸਕਰੀ ਵਰਗੇ ਸ਼ਬਦ ਨਹੀਂ ਸੁਣੇ ਜਾਂਦੇ ਸਨ। ਸਾਡੇ ਦੇਸ਼ 'ਚ ਆਪਣਾ ਕੋਈ ਕਾਨੂੰਨ ਨਹੀਂ ਸੀ ਪਰ ਇਸ ਦੇ ਬਾਵਜੂਦ ਸੁਪਨਿਆਂ 'ਚ ਵੱਡੀ ਤਾਕਤ ਹੁੰਦੀ ਹੈ। ਜੇਕਰ ਅਸੀਂ ਇਸ 'ਚ ਸ਼ਾਮਲ ਹੋ ਜਾਂਦੇ ਹਾਂ ਤਾਂ ਅਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹਾਂ। ਭਾਰਤ ਸਮੱਸਿਆਵਾਂ ਲਈ ਨਹੀਂ ਹੱਲ ਲਈ ਜਾਣਿਆ ਜਾਂਦਾ ਹੈ।

ਅਸੀਂ ਸਾਰੇ ਹੱਲ ਹਾਂ। ਇਸ ਦੇ ਲਈ ਸਾਡੀਆਂ ਸਰਕਾਰਾਂ ਨੂੰ ਆਪਣੇ ਬਜਟ 'ਚ ਬੱਚਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ। ਸਾਡੀ ਆਬਾਦੀ ਦਾ 40 ਫ਼ੀਸਦੀ 18 ਸਾਲ ਤੋਂ ਘੱਟ ਉਮਰ ਦਾ ਹੈ। ਪਰ ਉਨ੍ਹਾਂ ਦੀ ਸਿੱਖਿਆ, ਸੁਰੱਖਿਆ ਅਤੇ ਸਿਹਤ ਦੀ ਕੀਮਤ ਸਾਡੇ ਜੀਡੀਪੀ ਦੇ 4 ਫ਼ੀਸਦੀ ਤੋਂ ਵੀ ਘੱਟ ਹੈ। ਜੇਕਰ ਇਸ ਦੇਸ਼ 'ਚ ਇੱਕ ਵੀ ਬੱਚਾ ਸਿੱਖਿਆ ਤੋਂ ਵਾਂਝਾ ਹੈ ਤੇ ਗੁਲਾਮੀ 'ਚ ਜੀਵਨ ਬਤੀਤ ਕਰ ਰਿਹਾ ਹੈ ਤਾਂ ਸਾਨੂੰ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖਣਾ ਚਾਹੀਦਾ ਹੈ ਤੇ ਸਵੀਕਾਰ ਕਰਨਾ ਚਾਹੀਦਾ ਹੈ ਕਿ ਇਹ ਬੱਚੇ ਕਿਸੇ ਹੋਰ ਦੇ ਨਹੀਂ ਸਗੋਂ ਭਾਰਤ ਮਾਤਾ ਦੇ ਬੱਚੇ ਹਨ। ਸਾਨੂੰ ਉਨ੍ਹਾਂ ਦਾ ਬਚਪਨ ਵਾਪਸ ਕਰਨਾ ਚਾਹੀਦਾ ਹੈ।