ਬੰਗਲੁਰੂ: ਦੱਖਣੀ ਭਾਰਤ ਦੀ ਮਸ਼ਹੂਰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਇਲਜ਼ਾਮ ਵਿੱਚ ਫੜੇ ਪਰਸ਼ੂਰਾਮ ਵਾਘਮਾਰੇ ਨੇ ਪੁਲਿਸ 'ਤੇ ਗੰਭੀਰ ਦੋਸ਼ ਲਾਏ ਹਨ। ਉਸ ਨੇ ਕਿਹਾ ਕਿ ਪੁਲਿਸ ਵੱਲੋਂ ਜੁਰਮ ਕਬੂਲਣ ਬਦਲੇ 25-30 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ।


ਸ਼ਨੀਵਾਰ ਨੂੰ ਜਦ ਗੌਰੀ ਲੰਕੇਸ਼ ਦੇ ਕਤਲ ਕੇਸ ਦੇ 13 ਮੁਲਜ਼ਮਾਂ ਨੂੰ ਸੀਆਈਡੀ ਵੱਲੋਂ ਅਦਾਲਤ ਵਿੱਚ ਪੇਸ਼ੀ ਭੁਗਤਣ ਲਿਆਂਦਾ ਗਿਆ ਸੀ ਤਾਂ ਵਾਘਮਾਰੇ ਨੇ ਪੈਸਿਆਂ ਦੀ ਪੇਸ਼ਕਸ਼ ਬਾਰੇ ਖੁਲਾਸਾ ਕੀਤਾ। ਤੁਰਦੇ-ਤੁਰਦੇ ਕੀਤੀ ਗੱਲਬਾਤ ਦੌਰਾਨ ਉਸ ਨੇ ਲੰਕੇਸ਼ ਕਤਲ ਕੇਸ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਉੱਪਰ ਉਸ ਦੇ ਭਰਾਵਾਂ ਨੂੰ ਹੋਰ ਕੇਸਾਂ ਵਿੱਚ ਫਸਾਉਣ ਦੀ ਧਮਕੀ ਦੇਣ ਦੇ ਵੀ ਦੋਸ਼ ਲਾਏ।

ਮੁਲਜ਼ਮ ਵਾਘਮਾਰੇ ਤੇ ਮਨੋਹਰ ਅਡਵੇ ਨਾਲ ਪੱਤਰਕਾਰਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵੀਡੀਓ ਵਿੱਚ ਵਾਘਮਾਰੇ ਬੋਲਦਾ ਸੁਣਾਈ ਦੇ ਰਿਹਾ ਹੈ ਕਿ ਇੰਟੈਰੋਗੇਸ਼ਨ ਦੌਰਾਨ ਪੁਲਿਸ ਅਧਿਕਾਰੀ ਨੇ ਉਸ ਨੂੰ 25-30 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ।

ਅੰਗ੍ਰੇਜ਼ੀ ਅਖ਼ਬਾਰ 'ਦ ਨਿਊ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਵਾਘਮਾਰੇ ਨੇ ਕਿਹਾ ਕਿ ਇਹ ਪੈਸਾ ਉਸ ਦੇ ਪਰਿਵਾਰ ਦੇ ਕੰਮ ਆਵੇਗਾ। ਅਜਿਹਾ ਨਾ ਕਰਨ 'ਤੇ ਉਸ ਦੇ ਭੈਣ-ਭਰਾ ਤੇ ਦੋਸਤਾਂ ਨੂੰ ਫ਼ਿਕਸ ਕਰਨ ਦੀ ਧਮਕੀ ਵੀ ਦਿੱਤੀ।

ਵਾਘਮਾਰੇ ਨੇ ਕਿਹਾ ਕਿ ਅੱਠ ਦਿਨਾਂ ਦੀ ਪੁੱਛ-ਗਿੱਛ ਦੌਰਾਨ ਪੁਲਿਸ ਨੇ ਉਸ ਨੂੰ ਕੋਰੇ ਕਾਗ਼ਜ਼ 'ਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਤੇ ਉਸ ਦੇ ਬਿਆਨਾਂ ਦੀ ਵੀਡੀਓ ਰਿਕਾਰਡਿੰਗ ਕਰਨ ਸਮੇਂ ਉਸ ਨੂੰ ਉਹੀ ਬੋਲਣ ਲਈ ਕਿਹਾ ਜੋ ਉਸ ਨੂੰ ਦੱਸਿਆ ਗਿਆ ਹੈ।

ਐਸਆਈਟੀ ਮੁਖੀ ਤੇ ਵਧੀਕ ਪੁਲਿਸ ਕਮਿਸ਼ਨਰ ਬੀਕੇ ਸਿੰਘ ਨੇ ਵਾਘਮਾਰੇ ਦੇ ਦੋਸ਼ ਨਕਾਰਦਿਆਂ ਕਿਹਾ ਕਿ ਅਜਿਹਾ ਹੁੰਦਾ ਤਾਂ ਉਸ ਨੇ ਜੱਜ ਸਾਹਮਣੇ ਕਿਉਂ ਕੁਝ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਇਹ ਗੱਲਾ ਆਧਾਰਹੀਣ ਹਨ ਤੇ ਇਨ੍ਹਾਂ ਵਾਘਮਾਰੇ ਤੇ ਅਡਲੇ ਦੇ ਇਲਜ਼ਾਮਾਂ ਬਾਰੇ ਕੁਝ ਬੋਲਣਾ ਵੀ ਬੇਤੁਕਾ ਹੈ।