ਲਖਨਊ: ਯੂਪੀ ਪੁਲਿਸ ਵੱਲੋਂ ਬੀਤੇ ਸ਼ੁੱਕਰਵਾਰ ਕਤਲ ਕੀਤੇ ਆਮ ਨਾਗਰਿਕ ਦੇ ਵਾਰਸਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਤੇ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਹੈ। ਪਰ ਪਤਨੀ ਨੇ ਸਰਕਾਰ ਤੋਂ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮ੍ਰਿਤਕ ਵਿਵੇਕ ਤਿਵਾਰੀ ਦੀ ਪਤਨੀ ਕਲਪਨਾ ਤਿਵਾਰੀ ਨੇ ਮੰਗ ਕੀਤੀ ਹੈ ਕਿ ਉਸ ਨੂੰ ਉਸ ਦੀ ਵਿੱਦਿਅਕ ਯੋਗਤਾ ਦੇ ਹਿਸਾਬ ਨਾਲ ਪੁਲਿਸ ਵਿਭਾਗ 'ਚ ਹੀ ਨੌਕਰੀ ਦਿੱਤੀ ਜਾਵੇ।

ਕਲਪਨਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੱਤਰ ਲਿਖਿਆ ਮੰਗ ਕੀਤੀ ਹੈ ਕਿ ਉਸ ਦੇ ਪਤੀ ਦੀ ਮੌਤ ਦੀ ਘਟਨਾ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਮ੍ਰਿਤਕ ਦਾ ਪਰਿਵਾਰ ਵਿਵੇਕ ਦੇ ਸਸਕਾਰ ਲਈ ਰਾਜ਼ੀ ਹੋ ਗਿਆ ਹੈ। ਐਤਵਾਰ ਨੂੰ ਲਖਨਊ ਵਿੱਚ ਹੀ ਮਰਹੂਮ ਵਿਵੇਕ ਦੀਆਂ ਅੰਤਮ ਰਸਮਾਂ ਕੀਤੀਆਂ ਜਾਣਗੀਆਂ।


ਜ਼ਿਕਰਯੋਗ ਹੈ ਕਿ ਲਖਨਊ ਦੇ ਗੋਮਤੀਨਗਰ ਇਲਾਕੇ ਵਿੱਚ ਸ਼ੁੱਕਰਵਾਰ ਤੇ ਸ਼ਨੀਵਾਰ ਦਰਮਿਆਨ ਰਾਤ ਤਕਰੀਬਨ ਡੇਢ ਵਜੇ ਐੱਪਲ ਕੰਪਨੀ ਦੇ ਏਰੀਆ ਮੈਨੇਜਰ ਨੂੰ ਸ਼ੱਕੀ ਸਮਝਦਿਆਂ ਗੋਲ਼ੀ ਮਾਰ ਦਿੱਤੀ ਸੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਹ ਨਵੇਂ ਆਈਫ਼ੋਨ ਦੇ ਲੌਂਚ ਈਵੈਂਟ ਤੋਂ ਬਾਅਦ ਆਪਣੀ ਸਹਿਕਰਮੀ ਨੂੰ ਛੱਡਣ ਜਾ ਰਿਹਾ ਸੀ ਪਰ ਰਸਤੇ ਵਿੱਚ ਇਹ ਘਟਨਾ ਵਾਪਰ ਗਈ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਹਾਲਾਂਕਿ, ਗੋਲ਼ੀ ਚਲਾਉਣ ਵਾਲੇ ਸਿਪਾਹੀ ਪ੍ਰਸ਼ਾਂਤ ਚੌਧਰੀ ਨੇ ਦਾਅਵਾ ਕੀਤਾ ਕਿ ਵਿਵੇਕ ਨੇ ਉਨ੍ਹਾਂ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਉਨ੍ਹਾਂ ਆਪਣੇ ਬਚਾਅ ਵਿੱਚ ਗੋਲ਼ੀ ਚਲਾਈ। ਯੂਪੀ ਪੁਲਿਸ ਨੇ ਦੋਵਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਕਤਲ ਕੇਸ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ ਹੈ।