ਮੁੰਬਈ: ਭਾਰਤੀ ਰਿਜ਼ਰਵ ਬੈਂਕ ਨੇ ਲਾਇਸੈਂਸਿੰਗ ਸ਼ਰਤਾਂ ਨੂੰ ਪੂਰਾ ਨਾ ਕਰਨ ਕਰਕੇ ਬੰਧਨ ਬੈਂਕ ਨੂੰ ਨਵੀਂ ਬਰਾਂਚ ਖੋਲ੍ਹਣ ’ਤੇ ਰੋਕ ਲਾ ਦਿੱਤੀ ਹੈ। ਇਸਦੇ ਨਾਲ ਹੀ ਇਸਦੇ ਸੀਈਓ ਚੰਦਰਸ਼ੇਖਰ ਘੋਸ਼ ਦੀ ਤਨਖ਼ਾਹ ’ਤੇ ਵੀ ਬੈਨ ਲਾਉਣ ਦਾ ਨਿਰਦੇਸ਼ ਦਿੱਤਾ ਹੈ। ਹੁਣ ਬੰਧਨ ਬੈਂਕ ਆਰਬੀਆਈ ਦੀ ਇਜਾਜ਼ਤ ਬਗੈਰ ਦੇਸ਼ ਵਿੱਚ ਕੋਈ ਬਰਾਂਚ ਨਹੀਂ ਖੋਲ੍ਹ ਸਕੇਗਾ।

ਬੰਧਨ ਬੈਂਕ ਨੇ ਕਿਹਾ ਕਿ ਬੈਂਕ ਨਾਨ ਆਪਰੇਟਿਵ ਫਾਇਨੈਂਸ਼ੀਅਲ ਹੋਲਡਿੰਗ ਕੰਪਨੀ (ਐਨਓਐਚਐਫਸੀ) ਦੇ ਸ਼ੇਅਰ ਹੋਲਡਿੰਗ ਨੂੰ 40 ਫ਼ੀਸਦੀ ਤਕ ਘੱਟ ਨਹੀਂ ਕਰ ਪਾਇਆ ਹੈ ਜਦਕਿ ਅਜਿਹਾ ਬੈਂਕ ਦੇ ਲਾਇਸੈਂਸ ਵਿੱਚ ਸ਼ਰਤ ਵਜੋਂ ਮੌਦੂਜ ਸੀ। ਇਸ ਵਜ੍ਹਾ ਕਰਕੇ ਹੁਣ ਬੰਧਨ ਬੈਂਕ ਦੀ ਨਵੀਂ ਬਰਾਂਚ ਖੋਲ੍ਹਣ ਦੀ ਆਮ ਮਨਜ਼ੂਰੀ ’ਤੇ ਰੋਕ ਲਾ ਦਿੱਤੀ ਗਈ ਹੈ।

ਬੈਂਕ ਦੇ ਐਮਡੀ ਤੇ ਸੀਈਓ ਦੀ ਤਨਖ਼ਾਹ ਨੂੰ ਵੀ ਰੋਕ ਦਿੱਤਾ ਗਿਆ ਹੈ। ਹਾਲਾਂਕਿ ਬੈਂਕ ਨੇ ਕਿਹਾ ਹੈ ਕਿ ਉਹ ਐਨਓਐਚਐਫਸੀ ਦੇ ਸ਼ੇਅਰ ਹੋਲਡਿੰਗ ਨੂੰ 40 ਫ਼ੀਸਦੀ ਤਕ ਲਿਆਉਣ ਵਾਲੀ ਲਾਇਸੈਂਸਿੰਗ ਪਾਲਿਸੀ ਦਾ ਪਾਲਣ ਕਰਨ ਲਈ ਢੁਕਵੇਂ ਕਦਮ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਬੈਂਕ ਇਸ ਮਾਮਲੇ ਸਬੰਧੀ ਲਗਾਤਾਰ ਆਰਬੀਆਈ ਨਾਲ ਸੰਪਰਕ ਵਿੱਚ ਹੈ।

ਬੰਧਨ ਬੈਂਕ ਨੂੰ ਆਰਬੀਆਈ ਨੇ ਅਪ੍ਰੈਲ, 2014 ਵਿੱਚ ਸਥਾਪਨਾ ਲਈ ਮਨਜ਼ੂਰੀ ਦਿੱਤੀ ਸੀ। ਬੈਂਕ ਦੀ ਵੈਬਸਾਈਟ ਮੁਤਾਬਕ ਦੇਸ਼ ਭਰ ਵਿੱਚ ਬੈਂਕ ਦੀਆਂ ਕੁੱਲ 937 ਸ਼ਾਖਾਵਾਂ ਹਨ। ਇਹ ਬੈਂਕ 2015 ਤੋਂ ਕੰਮ ਕਰ ਰਿਹਾ ਹੈ। ਇਸ ਦਾ ਮੁੱਖ ਦਫ਼ਤਰ ਕੋਲਕਾਤਾ ਵਿੱਚ ਹੈ। ਬੈਂਕ ਦੀ ਸ਼ੁਰੂਆਤ 2001 ਵਿੱਚ ਮਾਈਕਰੋ ਫਾਇਨਾਂਸ ਕੰਪਨੀ ਵਜੋਂ ਹੋਈ ਸੀ। ਰਿਜ਼ਰਵ ਬੈਂਕ ਨੇ ਇਸਨੂੰ 2014 ਵਿੱਚ ਬੈਂਕਿੰਗ ਲਾਇਸੈਂਸ ਦਿੱਤਾ ਸੀ।