ਨਵੀਂ ਦਿੱਲੀ: ਲਾਲ ਕਿਲੇ ਦੀ ਘਟਨਾ ਮਗਰੋਂ ਭਲਕੇ ਕਿਸਾਨ ਜਥੇਬੰਦੀਆਂ ਮੁੜ ਪੂਰੇ ਦੇਸ਼ ਵਿੱਚ ਵੱਡਾ ਐਕਸਨ ਕਰਨ ਜਾ ਰਹੀਆਂ ਹਨ। ਕੱਲ੍ਹ ਦਿੱਲੀ ਨੂੰ ਛੱਡ ਪੂਰੇ ਦੇਸ਼ ਵਿੱਚ ਚੱਕਾ ਜਾਮ ਰਹੇਗਾ। ਇਸ ਨੂੰ ਲੈ ਕੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੀ ਅਹਿਮ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਸਾਰੇ ਜ਼ਿਲ੍ਹਾ ਅਧਿਕਾਰੀ ਇਕੱਠੇ ਹੋਏ ਹਨ।


ਸੂਤਰਾਂ ਅਨੁਸਾਰ ਪੁਲਿਸ ਦਾ ਕਹਿਣਆ ਹੈ ਕਿ ਦਿੱਲੀ ਦੇ ਕਿਸੇ ਵੀ ਹਿੱਸੇ ਵਿੱਚ ਸੜਕਾਂ ਜਾਮ ਨਹੀਂ ਕਰਨ ਦਿੱਤੀਆਂ ਜਾਣਗੀਆਂ। ਉਧਰ, ਕਿਸਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਦਿੱਲੀ ਵਿੱਚ ਜਾਮ ਨਹੀਂ ਹੋਏਗਾ ਕਿਉਂਕਿ ਉਹ ਦਿੱਲੀ ਦੀਆਂ ਹੱਦਾਂ ਤੋਂ ਬਾਹਰ ਬੈਠੇ ਹਨ। ਇਸ ਦੇ ਬਾਵਜੂਦ ਪੁਲਿਸ ਨੂੰ ਡਰ ਹੈ ਕਿ ਕਿਤੇ ਕਿਸਾਨ ਦਿੱਲੀ ਅੰਦਰ ਨਾ ਵੜ ਆਉਣ।

ਇਸ ਦੌਰਾਨ ਦਿੱਲੀ ਪੁਲਿਸ ਨੇ 26 ਜਨਵਰੀ ਦੀ ਹਿੰਸਾ ਦੇ ਮਾਮਲੇ ਵਿੱਚ ਕੁਝ ਹੋਰ ਤਸਵੀਰਾਂ ਜਾਰੀ ਕੀਤੀਆਂ ਹਨ। ਹੁਣ ਤੱਕ ਕੁੱਲ 50 ਅਜਿਹੇ ਲੋਕਾਂ ਦੀਆਂ ਤਸਵੀਰਾਂ ਦਿੱਲੀ ਪੁਲਿਸ ਜਾਰੀ ਕਰ ਚੁੱਕੀ ਹੈ, ਜੋ ਹਿੰਸਾ ਵਿੱਚ ਸ਼ਾਮਲ ਸਨ।

ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੌਰਾਨ ਰਾਸ਼ਟਰੀ ਰਾਜਧਾਨੀ ਦੇ ਲਾਲ ਕਿਲੇ ’ਚ ਵਾਪਰੀ ਹਿੰਸਾ ਦੀ ਘਟਨਾ ਵਿੱਚ ਸ਼ਾਮਲ ਦੰਗਾਕਾਰੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਗਣਤੰਤਰ ਦਿਵਸ ਦੀ ਹਿੰਸਾ ਦੀ ਜਾਂਚ ਤੇਜ਼ ਕਰਦਿਆਂ ਪੁਲਿਸ ਨੇ ਚਿਹਰੇ ਦੇ ਵਿਸ਼ਲੇਸ਼ਣ ਦਾ ਉਪਯੋਗ ਕਰਦਿਆਂ ਸ਼ੱਕੀਆਂ ਦੀ ਸ਼ਨਾਖ਼ਤ ਕੀਤੀ ਹੈ।

ਲਗਪਗ 20 ਸ਼ੱਕੀਆਂ ਦੀ ਸ਼ਨਾਖ਼ਤ ਕਰ ਲਈ ਗਈ ਹੈ। ਹੁਣ ਤੱਕ ਦੋ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਪੁਲਿਸ ਅਨੁਸਾਰ ਕੁਝ ਸ਼ੱਕੀ ਦਿੱਲੀ ਤੋਂ ਨੱਸ ਗਏ ਹਨ ਤੇ ਕੁਝ ਹੋਰ ਲੁਕ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਦੋ ਕਥਿਤ ਮੁਲਜ਼ਮਾਂ ਵਿੱਚੋਂ ਇੱਕ ਦੀ ਸ਼ਨਾਖ਼ਤ ਧਰਮਿੰਦਰ ਸਿੰਘ ਹਰਮਨ ਵਜੋਂ ਹੋਈ ਹੈ। ਉਸ ਨੂੰ 26 ਜਨਵਰੀ ਨੂੰ ਲਾਲ ਕਿਲੇ ਦੀ ਵਿਡੀਓ ਫ਼ੁਟੇਜ ਵਿੱਚ ਵੇਖਿਆ ਗਿਆ ਸੀ; ਜਦੋਂ ਹਿੰਸਾ ਭੜਕੀ ਸੀ। ਪੁਲਿਸ ਹੁਣ ਲਾਲ ਕਿਲੇ ਉੱਤੇ ਧਾਰਮਿਕ ਝੰਡਾ ਲਹਿਰਾਉਣ ਵਿੱਚ ਹਰਮਨ ਦੀ ਭੂਮਿਕਾ ਦਾ ਪਤਾ ਲਾ ਰਹੀ ਹੈ।

ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਕਿਸਾਨ ਗਣਤੰਤਰ ਦਿਵਸ ਮੌਕੇ ਕਿਸਾਨ ਜੱਥੇਬੰਦੀਆਂ ਵੱਲੋਂ ਰੈਲੀ ਦੌਰਾਨ ਪੁਲਿਸ ਨਾਲ ਭਿੜ ਗਏ ਸਨ। ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ 124 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।