ਮੁੰਬਈ: ਆਮ ਜਨਤਾ ਨੂੰ ਇਸ ਵੇਲੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਨਿੱਤ ਵਧਦੀਆਂ ਜਾ ਰਹੀਆਂ ਕੀਮਤਾਂ ਬੁਰੀ ਤਰ੍ਹਾਂ ਝੰਜੋੜ ਦਿੱਤਾ ਹੈ। ਇਸ ਮਸਲੇ ਨੂੰ ਲੈ ਕੇ ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ’ਚ ਕੇਂਦਰ ਸਰਕਾਰ ਨੂੰ ਘੇਰਿਆ ਹੈ। ਸ਼ਿਵ ਸੈਨਾ ਨੇ ਲਿਖਿਆ ਹੈ ਕਿ ਕੇਂਦਰ ਸਰਕਾਰ ਕਹਿੰਦੀ ਕੁਝ ਹੋਰ ਹੈ ਤੇ ਕਰਦੀ ਕੁਝ ਹੋਰ ਹੀ ਹੈ।


ਸ਼ਿਵ ਸੈਨਾ ਨੇ ਕਿਹਾ ਕਿ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਸਭ ਦੀਆਂ ਕੀਮਤਾਂ ਤੇਜ਼ੀ ਨਾਲ ਵਧਾਈਆਂ ਜਾ ਰਹੀਆਂ ਹਨ। ‘ਵਿੱਤ ਮੰਤਰੀ ਨੇ ਤਾਂ ਇਹੋ ਕਿਹਾ ਸੀ ਸੈੱਸ ਦਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਤੇ ਕੋਈ ਅਸਰ ਨਹੀਂ ਪਵੇਗਾ ਪਰ ਫਿਰ ਹੁਣ ਕੀਮਤਾਂ ’ਚ ਇਹ ਵਾਧਾ ਕਿਵੇਂ ਹੋ ਗਿਆ?’

ਸ਼ਿਵ ਸੈਨਾ ਨੇ ਕਿਹਾ ਕਿ ਹੁਣ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਬਾਰੇ ਕੇਂਦਰ ਸਰਕਾਰ ਕੋਲ ਕੀ ਜਵਾਬ ਹੈ? ਸਰਕਾਰ ਘਰੇਲੂ ਗੈਸ ਸਿਲੰਡਰ ਮਹਿੰਗਾ ਪਰ ਕਮਰਸ਼ੀਅਲ ਗੈਸ ਸਸਤਾ ਕਰ ਰਹੀ ਹੈ। ਇਹ ਕਿਹੋ ਜਿਹੀ ਕੀਮਤ ਨਿਰਧਾਰਣ ਨੀਤੀ ਹੈ?

ਸ਼ਿਵ ਸੈਨਾ ਦਾ ਕਹਿਣਾ ਹੈ ਕਿ ਲੌਕਡਾਊਨ ਕਾਰਨ ਪਹਿਲਾਂ ਹੀ ਆਮ ਜਨਤਾ ਦਾ ਲੱਕ ਟੁੱਟ ਚੁੱਕਾ ਹੈ। ਕਈ ਲੋਕਾਂ ਦੀ ਨੌਕਰੀ ਚਲੀ ਗਈ ਹੈ। ਜਿਨ੍ਹਾਂ ਦੀ ਸੁਰੱਖਿਅਤ ਹੈ, ਉਨ੍ਹਾਂ ਉੱਤੇ ਵੀ ਨੌਕਰੀ ਜਾਣ ਦੀ ਤਲਵਾਰ ਲਟਕ ਰਹੀ ਹੈ। ਇਸ ਤੋਂ ਇਲਾਵਾ ਕਈ ਲੋਕਾਂ ਦੀਆਂ ਤਨਖ਼ਾਹਾਂ ਵਿੱਚ ਕਟੌਤੀ ਹੋ ਰਹੀ ਹੈ।

ਅਜਿਹੇ ਸਮੇਂ ਆਮ ਜਨਤਾ ਦੀ ਜੇਬ ਵਿੱਚ ਸਰਕਾਰ ਜੇ ਕੁਝ ਪਾ ਨਹੀਂ ਸਕਦੀ, ਤਾਂ ਘੱਟੋ-ਘੱਟ ਖੋਹਣਾ ਤਾਂ ਨਹੀਂ ਚਾਹੀਦਾ। ਕੇਂਦਰ ਸਰਕਾਰ ਦੇ ਦਾਅਵੇ ਫੋਕਾ ‘ਸ਼ਬਦਾਂ ਦਾ ਬੁਲਬੁਲਾ’ ਹੀ ਸਿੱਧ ਹੋਇਆ ਹੈ।