ਬੈਂਗਲੁਰੂ: ਕਰਨਾਟਕ ਦੇ ਸ਼ਿਵਮੋਗਾ ਵਿੱਚ 150 ਬਾਂਦਰਾਂ ਤੋਂ ਬਾਅਦ 100 ਤੋਂ ਵੱਧ ਅਵਾਰਾ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਇੱਕ ਵਹਿਸ਼ੀਆਨਾ ਘਟਨਾ ਸਾਹਮਣੇ ਆਈ ਹੈ। ਸ਼ਿਵਮੋਗਾ ਜ਼ਿਲ੍ਹੇ ਦੇ ਭਦਰਾਵਤੀ ਤਾਲੁਕ ਪਿੰਡ ਵਿੱਚ, 100 ਤੋਂ ਵੱਧ ਕੁੱਤਿਆਂ ਨੂੰ ਪਹਿਲਾਂ ਜ਼ਹਿਰ ਦਿੱਤਾ ਗਿਆ ਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਦਫਨਾ ਦਿੱਤਾ ਗਿਆ। ਇਸ ਘਟਨਾ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਗ੍ਰਾਮ ਪੰਚਾਇਤ ਅਧਿਕਾਰੀ ਖਿਲਾਫ ਮਾਮਲਾ ਦਰਜ ਕੀਤਾ ਹੈ।


ਕੁਝ ਦਿਨ ਪਹਿਲਾਂ ਹੀ ਹਸਨ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ 150 ਬਾਂਦਰਾਂ ਦੇ ਮਾਰੇ ਜਾਣ ਦੀ ਘਟਨਾ ਸਾਹਮਣੇ ਆਈ ਸੀ। ਉਸ ਘਟਨਾ ਨੇ ਕਰਨਾਟਕ ਹਾਈ ਕੋਰਟ ਦਾ ਧਿਆਨ ਵੀ ਖਿੱਚਿਆ ਸੀ ਤੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। ਹੁਣ 100 ਤੋਂ ਵੱਧ ਕੁੱਤਿਆਂ ਨੂੰ ਮਾਰਨ ਦੀ ਇਹ ਘਟਨਾ ਸੋਮਵਾਰ ਨੂੰ ਬੈਂਗਲੁਰੂ ਤੋਂ ਲਗਪਗ 270 ਕਿਲੋਮੀਟਰ ਦੂਰ ਭਦਰਾਵਤੀ ਤਾਲੁਕ ਦੀ ਕੰਬਾਦਾਲੂ-ਹੋਸੁਰ ਗ੍ਰਾਮ ਪੰਚਾਇਤ ਦੇ ਰੰਗਨਾਥਪੁਰਾ ਵਿੱਚ ਵਾਪਰੀ।


ਰੰਗਨਾਥਪੁਰਾ ਦੇ ਪਿੰਡ ਵਾਸੀਆਂ ਦੀ ਸੂਚਨਾ ਤੋਂ ਬਾਅਦ ਕਾਰਵਾਈ ਕਰਦਿਆਂ, ਸ਼ਿਵਮੋਗਾ ਐਨੀਮਲ ਰੈਸਕਿਊ ਕਲੱਬ ਦੇ ਮੈਂਬਰ ਮੰਗਲਵਾਰ ਸ਼ਾਮ ਨੂੰ ਉੱਥੇ ਪਹੁੰਚੇ ਤੇ ਵੈਟਰਨਰੀ ਡਾਕਟਰਾਂ ਤੇ ਪੁਲਿਸ ਦੀ ਮਦਦ ਨਾਲ ਕੁੱਤਿਆਂ ਦੀਆਂ ਲਾਸ਼ਾਂ ਨੂੰ ਹਟਾ ਦਿੱਤਾ।


ਪੰਚਾਇਤ ਅਧਿਕਾਰੀਆਂ ਵਿਰੁੱਧ ਕੇਸ ਦਰਜ


ਕਾਰਕੁੰਨ ਨੇ ਗ੍ਰਾਮ ਪੰਚਾਇਤ ਅਧਿਕਾਰੀ ਖਿਲਾਫ ਭਦਰਾਵਤੀ ਦਿਹਾਤੀ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਵਾਇਆ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਸ਼ੱਕ ਹੈ ਕਿ ਕੁਝ ਕੁੱਤਿਆਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਹੈ ਤੇ ਦਫਨਾਇਆ ਗਿਆ ਹੈ।


ਸ਼ਿਵਮੋਗਾ ਦੀ ਐਸਪੀ ਲਕਸ਼ਮੀ ਪ੍ਰਸਾਦ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਦੇ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਕੁੱਤਿਆਂ ਨੂੰ ਮਾਰਿਆ ਤੇ ਫਿਰ ਉਨ੍ਹਾਂ ਨੂੰ ਦਫ਼ਨਾ ਦਿੱਤਾ। ਇਸ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।


ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਡਾਕਟਰਾਂ ਦੀ ਇੱਕ ਮਾਹਰ ਟੀਮ ਮੌਕੇ ਦਾ ਮੁਆਇਨਾ ਕਰ ਰਹੀ ਹੈ ਤੇ ਜਲਦੀ ਹੀ ਵਿਭਾਗ ਨੂੰ ਰਿਪੋਰਟ ਸੌਂਪੇਗੀ। ਉਨ੍ਹਾਂ ਕਿਹਾ ਕਿ ਮਾਰੇ ਗਏ ਤੇ ਦਫਨ ਕੀਤੇ ਗਏ ਕੁੱਤਿਆਂ ਦੀ ਸਹੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।


ਸ਼ਿਵਮੋਗਾ ਐਨੀਮਲ ਰੈਸਕਿਊ ਕਲੱਬ ਦੇ ਪ੍ਰਸਾਦ ਬੀ. ਨੇ ਕਿਹਾ ਕਿ ਹੋ ਸਕਦਾ ਹੈ ਕਿ ਜ਼ਿਆਦਾਤਰ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਹੋਵੇ। ਉਨ੍ਹਾਂ ਇਸ ਨੂੰ ਘਿਨੌਣਾ ਅਪਰਾਧ ਕਰਾਰ ਦਿੱਤਾ ਹੈ।