Taj Mahal Flood: ਪਹਾੜਾਂ 'ਚ ਹੋ ਰਹੀ ਬਾਰਸ਼ ਕਾਰਨ ਉੱਤਰ ਪ੍ਰਦੇਸ਼ ਸਮੇਤ ਪੂਰੇ ਉੱਤਰ ਭਾਰਤ 'ਚ ਇਨ੍ਹੀਂ ਦਿਨੀਂ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਇਸ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਆਗਰਾ 'ਚ ਯਮੁਨਾ ਦੇ ਪਾਣੀ ਦਾ ਪੱਧਰ ਐਤਵਾਰ ਸਵੇਰੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ, ਜਿਸ ਕਾਰਨ 45 ਸਾਲਾਂ 'ਚ ਪਹਿਲੀ ਵਾਰ ਯਮੁਨਾ ਦਾ ਪਾਣੀ ਤਾਜ ਮਹਿਲ ਤੱਕ ਪਹੁੰਚਿਆ ਹੈ ਅਤੇ ਯਮੁਨਾ ਦੇ ਪਾਣੀ ਨਾਲ ਤਾਜ ਮਹਿਲ ਦਾ ਮੁਗਲ ਗਾਰਡਨ ਵੀ ਭਰ ਗਿਆ ਹੈ। ਯਮੁਨਾ ਨਦੀ ਏਤਮਾਦੌਲਾ ਸਮਾਰਕ ਤੋਂ ਲੰਘ ਰਹੀ ਹੈ। ਯਮੁਨਾ ਦੇ ਪਾਣੀ ਦੇ ਵਧਦੇ ਪੱਧਰ ਨੂੰ ਲੈ ਕੇ ਪ੍ਰਸ਼ਾਸਨ ਵੀ ਅਲਰਟ ਮੋਡ 'ਤੇ ਆ ਗਿਆ ਹੈ।
ਦਿੱਲੀ 'ਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਆਗਰਾ ਮਥੁਰਾ 'ਚ ਯਮੁਨਾ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕਿਆ ਹੈ। ਆਗਰਾ ਵਿੱਚ ਯਮੁਨਾ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਢਾਈ ਫੁੱਟ ਉੱਪਰ ਵਹਿ ਰਿਹਾ ਹੈ। 45 ਸਾਲਾਂ ਬਾਅਦ ਯਮੁਨਾ ਦਾ ਪਾਣੀ ਤਾਜ ਮਹਿਲ ਦੀ ਕੰਧਾਂ ਤੱਕ ਪਹੁੰਚ ਗਿਆ ਹੈ।
ਉੱਥੇ ਹੀ ਤਾਜ ਮਹਿਲ ਦੇ ਆਲੇ-ਦੁਆਲੇ ਬਣੇ ਨੀਵੇਂ ਇਲਾਕਿਆਂ 'ਚ ਵੀ ਪਾਣੀ ਭਰ ਗਿਆ ਹੈ। ਤਾਜਗੰਜ ਸ਼ਮਸ਼ਾਨਘਾਟ ਅਤੇ ਪੋਈਆਘਾਟ ਦੋਵੇਂ ਪੂਰੀ ਤਰ੍ਹਾਂ ਡੁੱਬ ਗਏ ਹਨ। ਦੂਜੇ ਪਾਸੇ ਪ੍ਰਾਚੀਨ ਦੁਸਹਿਰਾ ਘਾਟ, ਇਤਮਾਦੌਲਾ ਦਾ ਮਕਬਰਾ, ਰਾਮ ਬਾਗ, ਮਹਿਤਾਬ ਬਾਗ, ਜੋਹਰਾ ਬਾਗ, ਕਾਲਾ ਗੁੰਬਦ ਆਦਿ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਹਾਲੇ ਬਣਿਆ ਹੋਇਆ ਹੈ।
ਤਾਜਮਹਿਲ ਦੇ ਪਿੱਛੇ ਵਾਲੀ ਕੰਧ ਤੱਕ ਪਹੁੰਚਿਆ ਪਾਣੀ
ਏਐਸਆਈ ਨੇ ਆਗਰਾ ਵਿੱਚ ਤਾਜ ਮਹਿਲ ਦੇ ਨੇੜੇ ਪਲਿੰਥ ਪ੍ਰੋਟੈਕਸ਼ਨ ਦਾ ਕੰਮ ਕੀਤਾ ਹੈ। ਇਸ ਵਾਰ ਯਮੁਨਾ ਦਾ ਪਾਣੀ ਉੱਥੇ ਪਹੁੰਚ ਗਿਆ ਹੈ। ਯਮੁਨਾ ਦੇ ਕਿਨਾਰੇ ਬਣੀਆਂ ਕੋਠੀਆਂ ਵਿੱਚ ਇੱਕ ਤੋਂ ਡੇਢ ਫੁੱਟ ਤੱਕ ਪਾਣੀ ਭਰ ਗਿਆ ਹੈ। ਏਐਸਆਈ ਅਧਿਕਾਰੀ ਪ੍ਰਿੰਸ ਵਾਜਪਾਈ ਨੇ ਦੱਸਿਆ ਕਿ ਤਾਜ ਮਹਿਲ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਭਾਰੀ ਹੜ੍ਹ ਦੀ ਸਥਿਤੀ ਵਿੱਚ ਵੀ ਪਾਣੀ ਤਾਜ ਵਿੱਚ ਬਣੇ ਮੁੱਖ ਮਕਬਰੇ ਵਿੱਚ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਆਖਰੀ ਵਾਰ 1978 ਵਿੱਚ ਯਮੁਨਾ ਦਾ ਪਾਣੀ ਤਾਜ ਮਹਿਲ ਦੀ ਪਿਛਲੀ ਦੀਵਾਰ ਤੱਕ ਪਹੁੰਚਿਆ ਸੀ।
ਆਗਰਾ 'ਚ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਅਲਰਟ 'ਤੇ ਆ ਗਿਆ ਹੈ। ਪ੍ਰਸ਼ਾਸਨ ਵੱਲੋਂ ਫਲੱਡ ਚੌਕੀਆਂ ਬਣਾਈਆਂ ਗਈਆਂ ਹਨ ਅਤੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਕਿਸੇ ਵੀ ਆਫ਼ਤ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਵੀ ਪੜ੍ਹੋ: Vidisha borewell Accident : ਬੋਰਵੇਲ 'ਚ ਡਿੱਗੀ ਬੱਚੀ ਨੂੰ ਕੱਢਿਆ ਬਾਹਰ , 8 ਘੰਟੇ ਚੱਲਿਆ ਰੇਸਕਿਊ ਆਪ੍ਰੇਸ਼ਨ