ਰਾਜਪਾਲ ਨੇ ਦਿੱਤੇ ਨਿਰਦੇਸ਼-
- ਪਾਣੀ ਦਾ ਛਿੜਕਾਅ (ਸਪਰੇਅ) ਕੀਤਾ ਜਾਵੇਗਾ ਜਿਸ ਨਾਲ ਕੱਕਾ ਰੇਤਾ ਤੇ ਧੂੜ ਨਹੀਂ ਉੱਡੇਗੀ। ਐਲ.ਜੀ. ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਤੇ ਦੁਕਾਨਾਂ ਦੇ ਬਾਹਰ ਪਾਣੀ ਛਿੜਕਣ।
- ਕਿਸੇ ਵੀ ਤਰ੍ਹਾਂ ਦੇ ਆਮ ਉਸਾਰੀ (ਸਿਵਲ ਕੰਸਟ੍ਰਕਸ਼ਨ) ਜਿਵੇਂ ਕਿ ਮਕਾਨ-ਦੁਕਾਨ ਦੀ ਉਸਾਰੀ 'ਤੇ ਰੋਕ ਲਾ ਦਿੱਤੀ ਗਈ ਹੈ। ਜੇਕਰ ਤੁਸੀਂ ਦਿੱਲੀ ਵਿੱਚ ਕਿਤੇ ਕਿਸੇ ਇਮਾਰਤ ਵਿੱਚ ਉਸਾਰੀ ਹੁੰਦਿਆਂ ਵੇਖੋ ਤਾਂ ਤੁਰੰਤ ਇਸ ਦੀ ਸੂਚਨਾ ਇਲਾਕੇ ਦੇ ਥਾਣਾ ਮੁਖੀ ਨੂੰ ਦਿਓ।
- ਖੁੱਲ੍ਹੇ ਵਿੱਚ ਕੂੜਾ ਸਾੜਨ 'ਤੇ ਪਹਿਲਾਂ ਤੋਂ ਹੀ ਕਾਨੂੰਨ ਹੈ, ਜਿਸ ਦੀ ਉਲੰਘਣਾ ਕਰਨ ਵਾਲੇ ਨੂੰ ਦੋ ਹਜ਼ਾਰ ਰੁਪਏ ਤੇ ਜੇਲ੍ਹ ਹੋ ਸਕਦੀ ਹੈ ਪਰ ਹੁਣ ਇਸ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ। ਸ਼ਹਿਰ ਵਿੱਚ ਬਿਜਲੀ ਜਨਰੇਟਰ ਦੀ ਵਰਤੋਂ 'ਤੇ ਰੋਕ ਲਾ ਦਿੱਤੀ ਹੈ।
- ਨਿੱਜੀ ਗੱਡੀਆਂ ਦੀ ਵਰਤੋਂ ਨੂੰ ਘੱਟ ਕਰਨ ਲਈ ਪਾਰਕਿੰਗ ਫੀਸ ਵਧਾ ਦਿੱਤੀ ਹੈ। ਉਪ ਰਾਜਪਾਲ ਨੇ ਨਗਰ ਨਿਗਮ ਤੇ ਦਿੱਲੀ ਮੈਟਰੋ ਵਰਗੀਆਂ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਈ.ਪੀ.ਸੀ.ਏ. ਵੱਲੋਂ ਕੀਤੇ ਫੈਸਲਿਆਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਅਥਾਰਟੀ ਨੇ ਪਾਰਕਿੰਗ ਫੀਸ ਨੂੰ 4 ਗੁਣਾ ਵਧਾਉਣ ਦਾ ਹੁਕਮ ਦਿੱਤਾ ਹੈ। ਹਾਲਾਂਕਿ, ਲੋਕਾਂ ਨੂੰ ਮੈਟਰੋ ਦੇ ਕਿਰਾਏ ਵਿੱਚ ਕਿਸੇ ਕਿਸਮ ਦੀ ਛੋਟ ਨਹੀਂ ਦਿੱਤੀ ਹੈ ਕਿਉਂਕਿ ਵਧੇਰੇ ਰੁੱਝੇ ਤੇ ਆਮ ਸਮੇਂ ਲਈ ਵੱਖ-ਵੱਖ ਕਿਰਾਇਆ ਦਰਾਂ ਹਨ।
- ਦਿੱਲੀ ਦੇ ਸਾਰੇ ਸਕੂਲ ਐਤਵਾਰ ਤਕ ਬੰਦ ਕਰ ਦਿੱਤੇ ਗਏ ਹਨ। ਜਾਣਕਾਰੀ ਮਿਲੀ ਹੈ ਕਿ ਜੇਕਰ ਲੋੜ ਪਈ ਤਾਂ ਇਸ ਨੂੰ ਹੋਰ ਵਧਾਇਆ ਜਾ ਸਕਦਾ ਹੈ।
- ਗ਼ੈਰ ਕਾਨੂੰਨੀ ਫੈਕਟਰੀਆਂ ਜੋ ਕਾਨੂੰਨੀ ਰੂਪ ਨਾਲ ਲੱਗੇ ਕਾਰਖਾਨਿਆਂ ਤੋਂ ਜ਼ਿਆਦਾ ਧੂੰਆਂ ਪੈਦਾ ਕਰਦੀਆਂ ਹਨ, ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
- ਦਿੱਲੀ ਵਿੱਚ ਟਰੱਕਾਂ ਦੇ ਦਾਖ਼ਲੇ 'ਤੇ ਰੋਕ ਲਾ ਦਿੱਤੀ ਗਈ ਹੈ, ਸਿਰਫ਼ ਜ਼ਰੂਰੀ ਚੀਜ਼ਾਂ ਲਿਆਉਣ ਵਾਲੇ ਟਰੱਕ ਹੀ ਦਿੱਲੀ ਵਿੱਚ ਦਾਖ਼ਲ ਹੋਣਗੇ।
- ਜ਼ਹਿਰੀਲੇ ਧੂੰਏਂ ਦੇ ਪ੍ਰਭਾਵ ਘੱਟ ਕਰਨ ਲਈ ਸਰਕਾਰ ਨੇ ਸਿਹਤ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਦਿੱਲੀ ਵਾਸੀਆਂ ਨੂੰ ਇੱਕ ਦੂਜੇ ਨਾਲ ਕਾਰ ਸਾਂਝੀ ਕਰਨ, ਜਨਤਕ ਆਵਾਜਾਈ ਦੇ ਸਾਧਨ ਵਰਤਣ, ਘਰਾਂ 'ਚੋਂ ਲੋੜ ਪੈਣ 'ਤੇ ਹੀ ਨਿੱਕਲਣ ਤੇ ਬੀੜੀ-ਸਿਗਰਟਨੋਸ਼ੀ ਨਾ ਕਰਨ ਦੀ ਅਪੀਲ ਕੀਤੀ ਹੈ।
ਪ੍ਰਦੂਸ਼ਣ ਕਾਰਨ ਸ਼ਹਿਰ ਵਿੱਚ ਬਹੁਤ ਸਾਰੇ ਲੋਕ ਮਾਸਕ ਦੀ ਵਰਤੋਂ ਕਰ ਰਹੇ ਹਨ। ਧੁੰਦ ਕਾਰਨ ਦਿੱਲੀ ਆਵਾਜਾਈ ਪੁਲਿਸ ਨੇ ਵਾਹਨ ਹੌਲੀ ਚਲਾਉਣ ਤੇ ਡ੍ਰਾਈਵਿੰਗ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਬਿਲਕੁਲ ਨਾ ਕਰਨ ਲਈ ਕਿਹਾ ਹੈ। ਪੁਲਿਸ ਨੇ ਕਿਹਾ ਹੈ ਕਿ ਆਪਣਾ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਮੌਸਮ ਦੀ ਭਵਿੱਖਬਾਣੀ ਜ਼ਰੂਰ ਵੇਖ ਲਈ ਜਾਵੇ ਤੇ ਯਾਤਰਾ ਅਨੁਕੂਲ ਹਾਲਾਤ ਵਿੱਚ ਹੀ ਸਫਰ ਸ਼ੁਰੂ ਕੀਤਾ ਜਾਵੇ।