ਲਖਨਊ: ਕਿਤੇ ਤੁਹਾਡਾ ਆਧਾਰ ਕਾਰਡ ਨਕਲੀ ਤਾਂ ਨਹੀਂ? ਇਹ ਸੁਣਦਿਆਂ ਦੀ ਮੱਥੇ 'ਤੇ ਪਸੀਨਾ ਆਉਣਾ ਜ਼ਰੂਰੀ ਹੈ ਪਰ ਇਹ ਸੱਚ ਹੋ ਸਕਦਾ ਹੈ। ਦਰਅਸਲ ਲਖਨਊ 'ਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਤੋਂ ਪਤਾ ਲੱਗਿਆ ਹੈ ਕਿ ਵੈੱਬਸਾਈਟ ਨਾਲ ਛੇੜਛਾੜ ਕਰਕੇ ਲੱਖਾਂ ਨਕਲੀ ਆਧਾਰ ਕਾਰਡ ਬਣਾ ਦਿੱਤੇ ਗਏ। ਜੇਕਰ ਤੁਹਾਨੂੰ ਵੀ ਆਪਣੇ ਅਧਾਰ ਕਾਰਡ 'ਤੇ ਸ਼ੱਕ ਹੈ ਤਾਂ UAIDA ਦੀ ਵੈਬਸਾਈਟ 'ਤੇ ਜਾ ਕੇ ਚੈੱਕ ਜ਼ਰੂਰ ਕਰ ਲਓ।

ਪਿਛਲੇ ਮਹੀਨੇ ਸਰਕਾਰ ਵੱਲੋਂ 81 ਲੱਖ ਆਧਾਰ ਕਾਰਡ ਰੱਦ ਕੀਤੇ ਗਏ ਸਨ। ਇਸ ਦਾ ਕਾਰਨ ਲੱਭਣ ਲਈ ਉੱਤਰ ਪ੍ਰਦੇਸ਼ ਸੂਬੇ ਦੀ ਸਪੈਸ਼ਲ ਟਾਸਕ ਫੋਰਸ ਕਈ ਮਹੀਨਿਆਂ ਤੋਂ ਕੰਮ ਕਰ ਰਹੀ ਹੈ। ਜਲਦ ਇਸ ਦਾ ਜਵਾਬ ਮਿਲ ਜਾਵੇਗਾ। ਇੱਕ ਅਜਿਹੇ ਨੈੱਟਵਰਕ ਦਾ ਪੱਤਾ ਲੱਗਿਆ ਹੈ ਜੋ ਫਰਜ਼ੀ ਆਧਾਰ ਕਾਰਡ ਬਣਾ ਰਿਹਾ ਸੀ। ਪੁਲਿਸ ਨੂੰ ਯੂਪੀ ਦੇ ਕੁਸ਼ੀਨਗਰ 'ਚ ਫਰਜ਼ੀ ਆਧਾਰ ਕਾਰਡ ਮਿਲਿਆ।

ਇਸ ਤੋਂ ਬਾਅਦ ਇਸ ਦੀ ਪੜਤਾਲ ਸ਼ੁਰੂ ਕੀਤੀ ਗਈ। ਪਤਾ ਲੱਗਿਆ ਕਿ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਦੀ ਵੈੱਬਸਾਈਟ 'ਚ ਛੇੜਛਾੜ ਕਰਕੇ ਅਧਾਰ ਕਾਰਡ ਬਣਾਏ ਜਾ ਰਹੇ ਹਨ। ਇਸ ਐਪਲੀਕੇਸ਼ਨ ਰਾਹੀਂ ਦੇਸ਼ ਦੇ ਕਈ ਸੂਬਿਆਂ 'ਚ ਫਰਜ਼ੀ ਅਧਾਰ ਕਾਰਡ ਬਣਾਉਣ ਦਾ ਕੰਮ ਚੱਲ ਰਿਹਾ ਹੈ।

ਲੱਖਾਂ ਫਰਜ਼ੀ ਅਧਾਰ ਕਾਰਡ ਬਣ ਵੀ ਚੁੱਕੇ ਹਨ। ਇਨ੍ਹਾਂ ਫਰਜ਼ੀ ਆਧਾਰ ਨੰਬਰਾਂ ਨਾਲ ਹੀ ਬੈਂਕ ਖਾਤੇ ਵੀ ਖੁੱਲ੍ਹ ਗਏ। ਸ਼ੱਕ ਹੈ ਕਿ ਕੁਝ ਲੋਕਾਂ ਨੇ ਕਈ ਕੰਪਨੀਆਂ ਵੀ ਬਣਾ ਲਈਆਂ। ਨੋਟਬੰਦੀ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋਇਆ। ਐਸਟੀਐਫ ਦੇ ਇਕ ਵੱਡੇ ਅਫਸਰ ਨੇ ਦੱਸਿਆ ਕਿ ਅਜਿਹੇ ਅਧਾਰ ਕਾਰਡ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ।

ਯੂਪੀ ਐਸਟੀਐਫ ਦੇ ਆਈਜੀ ਅਮਿਤਾਭ ਯਸ਼ ਨੇ 'ਏਬੀਪੀ ਨਿਊਜ਼' ਨਾਲ ਗੱਲਬਾਤ 'ਚ ਦੱਸਿਆ ਕਿ ਅਸਲੀ ਆਧਾਰ ਕਾਰਡ 12 ਡਿਜੀਟ ਦਾ ਹੁੰਦਾ ਹੈ ਪਰ ਫਰਜ਼ੀ ਬਣਾਉਣ ਵਾਲਿਆਂ ਨੇ ਜ਼ਿਆਦਾਤਰ 'ਚ ਇੱਕ ਡਿਜੀਟ ਵਧਾ ਦਿੱਤਾ।