ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਨੇਤਾ ਅਲਕਾ ਲਾਂਬਾ ਦਾ ਇੱਕ ਟਵੀਟ ਵਾਇਰਲ ਹੋ ਰਿਹਾ ਹੈ। ਲਾਂਬਾ ਨੇ 10 ਨਵੰਬਰ ਨੂੰ ਟਵੀਟ ਕੀਤਾ ਸੀ ਜਿਸ ਵਿੱਚ ਔਰਤਾਂ ਵਾਸਤੇ ਮਾਹਵਾਰੀ ਦੌਰਾਨ ਵਰਤੇ ਜਾਣ ਵਾਲੇ ਸੈਨੇਟਰੀ ਨੈਪਕਿਨ 'ਤੇ ਜੀ.ਐਸ.ਟੀ. ਲਾਉਣ ਦਾ ਮੁੱਦਾ ਚੁੱਕਿਆ ਹੈ।
[embed]https://twitter.com/LambaAlka/status/929028143427371008[/embed]
ਉਨ੍ਹਾਂ ਲਿਖਿਆ ਹੈ, "ਗਾਂ ਮਾਂ ਹੈ, ਪਰ ਪੀਰੀਅਡਸ ਨਹੀਂ ਆਉਂਦੇ, ਆਉਂਦੇ ਤਾਂ ਭਗਤ ਲੋਕ ਮੋਦੀ ਜੀ ਤੇ ਜੇਤਲੀ ਜੀ ਨੂੰ ਕਹਿ ਕੇ ਸੈਨੇਟਰੀ ਪੈਡਸ ਨੂੰ ਜੀ.ਐਸ.ਟੀ. ਤੋਂ ਬਾਹਰ ਕਰਵਾ ਦਿੰਦੇ। ਪੁਰਸ਼ ਪ੍ਰਧਾਨ ਸੋਚ।" ਅਲਕਾ ਲਾਂਬਾ ਦੇ ਇਸ ਟਵੀਟ ਨੂੰ ਵੱਡੀ ਗਿਣਤੀ ਵਿੱਚ ਰੀ-ਟਵੀਟ ਕੀਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਨੂੰ ਇਸ ਕਾਰਨ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਹੈ।
ਕੀ ਹੈ ਪੂਰਾ ਵਿਵਾਦ-
ਇਸ ਸਮੇਂ ਸੈਨੇਟਰੀ ਨੈਪਕਿਨ 'ਤੇ 12 ਫ਼ੀਸਦੀ ਦੀ ਦਰ ਨਾਲ ਜੀ.ਐਸ.ਟੀ. ਵਸੂਲਿਆ ਜਾ ਰਿਹਾ ਹੈ। ਕਈ ਸਮਾਜਕ ਸੰਗਠਨਾਂ ਤੇ ਵਿਰੋਧੀ ਧਿਰ ਨੇ ਮੰਗ ਕੀਤੀ ਹੈ ਕਿ ਸੈਨੇਟਰੀ ਨੈਪਕਿਨ ਨੂੰ ਕਰ ਮੁਕਤ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗਾ ਹੋਣ ਕਾਰਨ ਦਿਹਾਤੀ ਇਲਾਕਿਆਂ ਵਿੱਚ ਔਰਤਾਂ ਮਾਹਵਾਰੀ ਦੌਰਾਨ ਇਸ ਦੀ ਵਰਤੋਂ ਨਹੀਂ ਕਰ ਪਾਉਂਦੀਆਂ। ਉਹ ਆਪਣੇ ਪੀਰੀਅਡਸ ਸਮੇਂ ਘਰੇਲੂ ਵਸੀਲੇ ਵਰਤਦੀਆਂ ਹਨ, ਜਿਸ ਕਾਰਨ ਅਕਸਰ ਉਨ੍ਹਾਂ ਨੂੰ ਲਾਗ (ਇਨਫੈਕਸ਼ਨ) ਜਾਂ ਹੋਰਨਾਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਅਸਮ ਦੇ ਸਿਲਚਰ ਤੋਂ ਕਾਂਗਰਸ ਦੀ ਸੰਸਦ ਮੈਂਬਰ ਸੁਸ਼ਮਿਤਾ ਦੇਵ ਨੇ ਸੈਨੇਟਰੀ ਨੈਪਕਿਨ ਨੂੰ ਕਰ ਮੁਕਤ ਕਰਨ ਦਾ ਮੁੱਦਾ ਬੜੇ ਜ਼ੋਰ-ਸ਼ੋਰ ਨਾਲ ਚੁੱਕਿਆ ਸੀ। ਅਲਕਾ ਲਾਂਬਾ ਨੇ ਆਪਣੇ ਇਸ ਟਵੀਟ ਰਾਹੀਂ ਕੇਂਦਰ ਸਰਕਾਰ 'ਤੇ ਤਿੱਖਾ ਵਾਰ ਕੀਤਾ ਹੈ।
ਲਾਂਬਾ ਨੇ ਅਜਿਹਾ ਇਸ ਲਈ ਕਿਹਾ ਹੈ ਕਿ ਬੀਤੇ ਸ਼ੁੱਕਰਵਾਰ ਜੀ.ਐਸ.ਟੀ. ਕੌਂਸਲ ਦੀ ਬੈਠਕ ਵਿੱਚ ਜੀ.ਐਸ.ਟੀ. ਦੀਆਂ ਦਰਾਂ ਵਿੱਚ ਭਾਰੀ ਬਦਲਾਅ ਕੀਤਾ ਗਿਆ ਹੈ। ਬਹੁਤ ਸਾਰੀਆਂ ਚੀਜ਼ਾਂ ਨੂੰ 28 ਫ਼ੀ ਸਦੀ ਕਰ ਸ਼੍ਰੇਣੀ ਵਿੱਚੋਂ ਕੱਢ ਕੇ 18 ਫ਼ੀਸਦੀ ਸ਼੍ਰੇਣੀ ਵਿੱਚ ਤੇ ਕਈਆਂ ਨੂੰ 18 ਤੋਂ 12 ਫ਼ੀ ਸਦੀ ਵਾਲੀ ਸ਼੍ਰੇਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪਰ ਇਹ ਬਦਲਾਅ ਸੈਨੇਟਰੀ ਨੈਪਕਿਨ 'ਤੇ ਲਾਗੂ ਨਹੀਂ ਕੀਤਾ ਗਿਆ ਹੈ।