ਨਵੀਂ ਦਿੱਲੀ: ਹੁਣ ਰਾਸ਼ਟਰੀ ਰਾਜ ਮਾਰਗਾਂ ਉੱਤੇ ਸਫ਼ਰ ਕਰਦੇ ਸਮੇਂ ਵਾਹਨ ਚਾਲਕਾਂ ਨੂੰ ਵਾਰ-ਵਾਰ ਟੋਲ ਪਲਾਜ਼ਾ ਉੱਤੇ ਰੁਕਣਾ ਨਹੀਂ ਪਵੇਗਾ ਕਿਉਂਕਿ ਦੇਸ਼ ਵਿੱਚ ਦੋ ਕੁ ਸਾਲਾਂ ਅੰਦਰ ਸਾਰੇ ਨੈਸ਼ਨਲ ਹਾਈਵੇਅਜ਼ ਉੱਤੇ ਲੱਗੇ ਟੋਲ ਪਲਾਜ਼ਾ ਸੈਂਟਰ ਹਟਾ ਲਏ ਜਾਣਗੇ। ਪਰ ਟੋਲ ਪਲਾਜ਼ਾ ਹਟਣ ਦੇ ਬਾਵਜੂਦ ਟੋਲ ਵੀ ਲਗਾਤਾਰ ਲੱਗਦੀ ਰਹੇਗੀ। ਵਾਰ-ਵਾਰ ਰੁਕਣ ਦੇ ਝੰਜਟ ਤੋਂ ਬਚਣ ਲਈ ਜੀਪੀਐਸ ਤਕਨੀਕ ਉੱਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਤੇ ਦੋ ਸਾਲਾਂ ਅੰਦਰ ਦੇਸ਼ ਦੇ ਸਾਰੇ ਟੋਲ ਪਲਾਜ਼ਾ ਇਸ ਤਕਨੀਕ ਨਾਲ ਕੰਮ ਕਰਨ ਲੱਗ ਪੈਣਗੇ।

ਕੇਂਦਰੀ ਸੜਕ ਤੇ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਅੱਜ ਦੱਸਿਆ ਕਿ ਨਵੀਂ ਜੀਪੀਐਸ ਤਕਨੀਕ ਨਾਲ ਟੋਲ ਪਲਾਜ਼ਾ ਉੱਤੇ ਲੰਮੀਆਂ ਕਤਾਰਾਂ ਲੱਗਣ ਤੋਂ ਬਚਾਅ ਹੋਵੇਗਾ। ਟੋਲ ਰਾਸ਼ੀ ਆਪਣੇ ਆਪ ਹੀ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਦੇ ਹਿਸਾਬ ਨਾਲ ਕੱਟਦੀ ਰਹੇਗੀ। ਇੰਝ ਭਵਿੱਖ ’ਚ ਸਾਰੇ ਵਾਹਨ ਵੀ GPS ਨਾਲ ਜੁੜੇ ਰਹਿਣਗੇ। ਇਸ ਵਰ੍ਹੇ ਨੈਸ਼ਨਲ ਹਾਈਵੇਅਜ਼ ਤੋਂ ਟੋਲ ਰਾਹੀਂ ਲਗਭਗ 34 ਹਜ਼ਾਰ ਕਰੋੜ ਰੁਪਏ ਇਕੱਠੇ ਹੋਏ, ਜਦਕਿ ਪਿਛਲੇ ਸਾਲ 24,000 ਕਰੋੜ ਰੁਪਏ ਇਕੱਠੇ ਹੋਏ ਸਨ।

ਕੇਂਦਰੀ ਮੰਤਰੀ ਨੇ ਕਿਹਾ ਕਿ 1,300 ਕਿਲੋਮੀਟਰ ਲੰਮੇ ਦਿੱਲੀ-ਮੁੰਬਈ ਗ੍ਰੀਨ ਫ਼ੀਲਡ ਐਕਸਪ੍ਰੈੱਸਵੇਅ ਦਾ 50 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਅਗਲੇ ਦੋ ਸਾਲਾਂ ਵਿੱਚ ਇਹ ਕੰਮ ਵੀ ਮੁਕੰਮਲ ਕਰ ਲਿਆ ਜਾਵੇਗਾ। ਬੈਂਗਲੁਰੂ ਤੇ ਚੇਨਈ ਵਿਚਾਲੇ ਐਕਸਪ੍ਰੈੱਸਵੇਅ ਦਾ ਕੰਮ ਵੀ ਅਗਲੇ ਦੋ ਸਾਲਾਂ ਅੰਦਰ ਮੁਕੰਮਲ ਹੋ ਜਾਵੇਗਾ। ਇੰਝ ਹੀ ਦਿੱਲੀ-ਮੇਰਠ ਐਕਸਪ੍ਰੈੱਸਵੇਅ ਵੀ ਛੇਤੀ ਹੀ ਮੁਕੰਮਲ ਹੋ ਜਾਵੇਗਾ, ਜਿਸ ਨਾਲ ਇਨ੍ਹਾਂ ਸ਼ਹਿਰਾਂ ਵਿਚਲੀ ਦੂਰੀ ਪੌਣੇ ਪੰਜ ਘੰਟਿਆਂ ਵਿੱਚ ਤਹਿ ਹੋ ਜਾਇਆ ਕਰੇਗੀ।

ਇਸ ਦੇ ਨਾਲ ਹੀ ਦਿੱਲੀ-ਅੰਮ੍ਰਿਤਸਰ-ਕਟੜਾ ਤੇ ਅੰਮ੍ਰਿਤਸਰ-ਅਜਮੇਰ ਨੂੰ ਜੋੜਨ ਵਾਲੇ ਪ੍ਰੋਜੈਕਟਾਂ ਦਾ ਕੰਮ ਵੀ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904