ਜੰਮੂ: ਸਰਹੱਦ 'ਤੇ ਐਤਵਾਰ ਨੂੰ ਪਾਕਿਸਤਾਨ ਵੱਲੋਂ ਕੀਤੀ ਫਾਈਰਿੰਗ ਦੌਰਾਨ ਫੌਜ ਦੇ ਕੈਪਟਨ ਸਮੇਤ ਚਾਰ ਭਾਰਤੀ ਫੌਜੀ ਸ਼ਹੀਦ ਹੋ ਗਏ। ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕਰਕੇ ਜੰਮੂ-ਕਸ਼ਮੀਰ ਦੇ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ’ਚ ਫਾਈਰਿੰਗ ਕੀਤੀ ਗਈ। ਪਿਛਲੇ 35 ਦਿਨਾਂ ਵਿੱਚ ਪਾਕਿਸਤਾਨ ਵੱਲੋਂ ਕੀਤੀ ਫਾਈਰਿੰਗ ਵਿੱਚ 12 ਭਾਰਤੀ ਫੌਜੀ ਸ਼ਹੀਦ ਹੋ ਚੁੱਕੇ ਹਨ।


ਸ਼ਹੀਦ ਹੋਏ ਅਧਿਕਾਰੀ ਤੇ ਜਵਾਨਾਂ ਦੀ ਪਛਾਣ ਕੈਪਟਨ ਕਪਿਲ ਕੁੰਡੂ, ਰਾਈਫਲ ਮੈਨ ਸ਼ੁਭਮ ਕੁਮਾਰ, ਰਾਈਫਲ ਮੈਨ ਰਾਮ ਅਵਤਾਰ ਤੇ ਹੌਲਦਾਰ ਰੌਸ਼ਨ ਲਾਲ ਵਜੋਂ ਹੋਈ ਹੈ। ਇਸੇ ਦੌਰਾਨ ਰਾਜੌਰੀ ਖੇਤਰ ਦੇ ਕੰਟਰੋਲਾ ਰੇਖਾ ਨਾਲ ਲੱਗਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਸਾਰੇ ਸਕੂਲਾਂ ਨੂੰ ਅਗਲੇ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।

ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਰਾਜੌਰੀ ਜ਼ਿਲ੍ਹੇ ਦੇ ਭਿੰਬਰ ਗਲੀ ਸੈਕਟਰ ’ਚ ਕੰਟਰੋਲ ਰੇਖਾ ’ਤੇ ਬਿਨਾਂ ਭੜਕਾਹਟ ਦੇ ਭਾਰੀ ਗੋਲਾਬਾਰੀ ਕੀਤੀ। ਉਨ੍ਹਾਂ ਕਿਹਾ ਕਿ ਭਾਰੀ ਗੋਲਾਬਾਰੀ ਕਰਕੇ ਕੈਪਟਨ ਸਮੇਤ ਚਾਰ ਜਵਾਨ ਹਲਾਕ ਹੋ ਗਏ ਤੇ ਦੋ ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਮੁਤਾਬਕ ਭਾਰਤੀ ਫ਼ੌਜ ਵੱਲੋਂ ਭਾਰੀ ਗੋਲੀਬਾਰੀ ਦਾ ਢੁਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਉਧਰ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ’ਚ ਕੰਟਰੋਲ ਰੇਖਾ ਦੇ ਨਾਲ ਲਗਦੇ ਪਿੰਡਾਂ ਤੇ ਅਗਾਊਂ ਚੌਕੀਆਂ ਨੂੰ ਪਾਕਿਸਤਾਨੀ ਫ਼ੌਜ ਵੱਲੋਂ ਨਿਸ਼ਾਨਾ ਬਣਾਏ ਜਾਣ ਕਰਕੇ ਦੋ ਬੱਚੇ ਜ਼ਖ਼ਮੀ ਹੋ ਗਏ।

ਉਧਰ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀਆਂ ਫੌਜਾਂ ਨੂੰ ਸਪਸ਼ਟ ਕਿਹਾ ਗਿਆ ਹੈ ਕਿ ਜੇ ਸਰਹੱਦ ਪਾਰ ਤੋਂ ਇੱਕ ਵੀ ਗੋਲੀ ਆਉਂਦੀ ਹੈ ਤਾਂ ਉਹ ਆਪਣੀਆਂ ਬੰਦੂਕਾਂ ਤੇ ਤੋਪਾਂ ਦੀ ਖੁੱਲ੍ਹ ਕੇ ਵਰਤੋਂ ਕਰਨ।