ਅਲਵਰ: ਇੱਕ ਵਾਰ ਫਿਰ ਗਊ ਰੱਖਿਆ ਦੇ ਨਾਮ 'ਤੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਰਾਜਸਥਾਨ ਦੇ ਅਲਵਰ ਵਿੱਚ ਗਊ ਤਸਕਰੀ ਦੇ ਇਲਜ਼ਾਮਾਂ ਤਹਿਤ ਉਮਰ ਮੁਹੰਮਦ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਮਰ ਮੁਹੰਮਦ ਭਰਤਪੁਰ ਦੇ ਘਟਲਿਕ ਪਿੰਡ ਦਾ ਰਹਿਣ ਵਾਲਾ ਸੀ।

ਇਲਜ਼ਾਮ ਹੈ ਕਿ ਤਿੰਨ ਲੋਕ ਗੱਡੀ ਵਿੱਚ ਗਾਵਾਂ ਲੈ ਕੇ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ 'ਤੇ ਹਮਲਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜੋ ਤਿੰਨ ਲੋਕ ਗਾਵਾਂ ਲੈ ਕੇ ਆ ਰਹੇ ਸਨ, ਉਨ੍ਹਾਂ ਵਿੱਚੋਂ ਇੱਕ ਮ੍ਰਿਤਕ ਦਾ ਰਿਸ਼ਤੇਦਾਰ ਵੀ ਸੀ ਜਿਸ ਨੂੰ ਗੋਲੀ ਲੱਗੀ ਹੈ। ਪੁਲਿਸ ਨੇ ਹੱਤਿਆ ਦੇ ਇਲਜ਼ਾਮ ਵਿੱਚ ਅੱਜ ਇੱਕ ਆਦਮੀ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਸ ਨੂੰ ਫੜਿਆ ਗਿਆ ਹੈ, ਉਹ ਇਸ ਘਟਨਾ ਦੀ ਸਾਜਿਸ਼ ਰਚਣ ਵਾਲਾ ਹੈ।

ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਦੇ ਐਸ.ਪੀ. ਅਨਿਲ ਬੈਣੀਵਾਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮ੍ਰਿਤਕ ਗਊ ਤਸਕਰੀ ਵਿੱਚ ਸ਼ਾਮਲ ਸੀ। ਮ੍ਰਿਤਕ ਤੇ ਉਸ ਦੇ ਦੋ ਹੋਰ ਸਾਥੀ ਬੀਤੀ 10 ਨਵੰਬਰ ਨੂੰ ਜੀਪ ਵਿੱਚ ਗਾਵਾਂ ਲੈ ਕੇ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਨੇ 10 ਨਵੰਬਰ ਨੂੰ ਇੱਕ ਗੱਡੀ ਬਰਾਮਦ ਕੀਤੀ ਸੀ ਜਿਸ ਵਿੱਚ ਇੱਕ ਮਰੀ ਹੋਈ ਤੇ ਚਾਰ ਜ਼ਿੰਦਾ ਗਾਵਾਂ ਮਿਲੀਆਂ ਸਨ। ਇਸ ਤੋਂ ਇਲਾਵਾ ਮ੍ਰਿਤਕ ਉਮਰ ਦੇ ਦੋ ਸਾਥੀ ਹੋਰ ਸਨ ਜਿਨ੍ਹਾਂ ਵਿੱਚੋਂ ਇੱਕ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਜ਼ਖਮੀ ਹੈ ਤੇ ਹਰਿਆਣਾ ਦੇ ਹਸਪਤਾਲ ਵਿੱਚ ਭਰਤੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ 5-6 ਲੋਕਾਂ ਵੱਲੋਂ ਗਊਆਂ ਨਾਲ ਭਰੇ ਵਾਹਨ ਨੂੰ ਰੋਕ ਕੇ ਇਨ੍ਹਾਂ ਤਿੰਨਾਂ ਲੋਕਾਂ ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਹੈ।