ਨਵੀਂ ਦਿੱਲੀ: ਭਾਰਤੀ ਉਦਯੋਗਪਤੀ ਅਨਿਲ ਅੰਬਾਨੀ ਦੀ ਕੰਪਨੀ ਤੇ ਬੈਂਕਾਂ ਦਰਮਿਆਨ ਕਰਜ਼ੇ ਦੇ ਬਕਾਏ ਨੂੰ ਲੈ ਕੇ ਨਵਾਂ ਵਿਵਾਦ ਸਾਹਮਣੇ ਆਇਆ ਹੈ। ਬੈਂਕਾਂ, ਵਿਕਰੇਤਾਵਾਂ ਤੇ ਹੋਰ ਰਿਣਦਾਤਾਵਾਂ ਨੇ ਕੰਪਨੀ 'ਤੇ 86,000 ਕਰੋੜ ਰੁਪਏ ਦੇ ਬਕਾਏ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ ਨੇ 26,000 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੱਸੀ ਹੈ।



ਦੱਸ ਦੇਈਏ ਕਿ ਅਨਿਲ ਅੰਬਾਨੀ ਦੀਆਂ ਤਿੰਨ ਕੰਪਨੀਆਂ ਉੱਤੇ ਕਥਿਤ ਤੌਰ ਉੱਤੇ ਬੈਂਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ। ਵਿਜੇ ਮਾਲਿਆ ਵੱਲੋਂ ਲਏ ਕਰਜ਼ੇ ਦੀ ਰਕਮ ਤੋਂ 10 ਗੁਣਾ ਵੱਧ ਕਰਜ਼ਾ ਅਨਿਲ ਅੰਬਾਨੀ ਨੇ ਲਿਆ ਹੋਇਆ ਹੈ। ਕਰਜ਼ੇ ਦੀ ਰਕਮ 86,188 ਕਰੋੜ ਰੁਪਏ ਦੱਸੀ ਜਾ ਰਹੀ ਹੈ।




NCLT 'ਚ ਚੱਲ ਰਹੇ ਇਨਸੋਲਵੈਂਸੀ ਪ੍ਰਕਿਰਿਆ ਵਿੱਚ, ਕੰਪਨੀ ਦੇ ਰਿਣਦਾਤਾਵਾਂ ਨੇ ਸਮੂਹ ਕੰਪਨੀਆਂ 'ਤੇ ਭਾਰੀ ਬਕਾਏ ਦਾ ਦਾਅਵਾ ਕੀਤਾ ਹੈ। ਰਿਣਦਾਤਾ ਅਨੁਸਾਰ 49,000 ਕਰੋੜ ਰੁਪਏ ਰਿਲਾਇੰਸ ਕਮਿਊਨੀਕੇਸ਼ਨਜ਼, 24,000 ਕਰੋੜ ਰੁਪਏ ਰਿਲਾਇੰਸ ਟੈਲੀਕਾਮ ਤੇ 12,600 ਕਰੋੜ ਰੁਪਏ ਰਿਲਾਇੰਸ ਇਨਫਰਾਟੇਲ ਦੇ ਬਕਾਏ ਹਨ।



ਦੇਸ਼ ਦੀ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਕੰਪਨੀ ‘ਰਿਲਾਇੰਸ ਗਰੁੱਪ’ ਦੀ ਸਥਾਪਨਾ ਧੀਰੂਭਾਈ ਅੰਬਾਨਾ ਨੇ ਕੀਤੀ ਸੀ ਪਰ ਹੁਣ ਇਹ ਵਿਵਾਦਾਂ ’ਚ ਰਹਿਣ ਲੱਗੀ ਹੈ। ਦਰਅਸਲ, ਧੀਰੂਭਾਈ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਦੋਵੇਂ ਪੁੱਤਰਾਂ ਮੁਕੇਸ਼ ਅੰਬਾਨੀ ਤੇ ਅਨਿਲ ਅੰਬਾਨੀ ਨੇ ਰਿਲਾਇੰਸ ਦੀ ਵਾਗਡੋਰ ਸੰਭਾਲ ਲਈ ਪਰ ਕੁਝ ਸਾਲਾਂ ’ਚ ਦੋਵੇਂ ਭਰਾ ਅਲੱਗ ਹੋ ਗਏ ਤੇ ਕੰਪਨੀ ਵੀ ਦੋਫਾੜ ਹੋ ਗਈ। ਵੱਡੇ ਭਰਾ ਨੂੰ ਭਾਰਤ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨ ਅੰਦੋਲਨ ’ਚ ਵਿਰੋਧ ਝੱਲਣਾ ਪੈ ਰਿਹਾ ਹੈ ਤੇ ਛੋਟਾ ਭਰਾ ਅਨਿਲ ਪਹਿਲਾਂ ਹੀ ਖ਼ੁਦ ਨੂੰ ਦੀਵਾਲੀਆ ਐਲਾਨ ਚੁੱਕਾ ਹੈ।




ਇਸ ਦੇ ਨਾਲ ਹੀ ਰਿਲਾਇੰਸ ਕਮਿਊਨੀਕੇਸ਼ਨਜ਼ ਨੇ ਇੱਕ ਬਿਆਨ ਰਾਹੀਂ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਿਆ ਹੈ।ਕੰਪਨੀ ਨੇ ਕਿਹਾ ਹੈ ਕਿ ਐਨਸੀਐਲਟੀ 'ਚ ਮਾਮਲਾ ਜਾਣ ਸਮੇਂ ਸਮੂਹ ਦਾ ਸਿਰਫ 26,000 ਕਰੋੜ ਰੁਪਏ ਦਾ ਬਕਾਇਆ ਸੀ।ਕੰਪਨੀ ਨੇ ਕਿਹਾ ਹੈ ਕਿ ਸਮੂਹ ‘ਤੇ ਧੋਖਾਧੜੀ ਦੇ ਦੋਸ਼ ਵੀ ਬੇਬੁਨਿਆਦ ਹਨ। ਫਿਲਹਾਲ ਇਹ ਮਾਮਲਾ ਅਦਾਲਤ ਵਿਚ ਹੈ ਅਤੇ ਦਿੱਲੀ ਹਾਈ ਕੋਰਟ ਨੇ ਆਪਣੇ ਅੰਤਰਿਮ ਆਦੇਸ਼ ਵਿਚ ਇਸ ਨੂੰ ਕੁਝ ਸਮੇਂ ਲਈ ਰੋਕਣ ਦਾ ਆਦੇਸ਼ ਵੀ ਦਿੱਤਾ ਹੈ।