ਚੰਡੀਗੜ੍ਹ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਸਾਲ 2019 ਲਈ ਸਭ ਤੋਂ ਅਮੀਰ ਭਾਰਤੀਆਂ ਦੀ ਫੋਰਬਜ਼ ਦੀ ਸੂਚੀ ਵਿੱਚ ਪਹਿਲੇ ਸਥਾਨ ਉੱਤੇ ਕਾਬਜ਼ ਹਨ। ਫੋਰਬਜ਼ ਨੇ ਵੀ 2019 ਨੂੰ ਭਾਰਤੀ ਅਰਥਚਾਰੇ ਲਈ ਸਭ ਤੋਂ ਚੁਣੌਤੀ ਭਰਪੂਰ ਸਾਲ ਕਿਹਾ ਹੈ। ਇਹ ਲਗਾਤਾਰ 12ਵੀਂ ਵਾਰ ਹੈ ਜਦੋਂ ਇਸ ਸਾਲ ਅੰਬਾਨੀ ਦੀ ਦੌਲਤ ਵਧ ਕੇ 51.4 ਬਿਲੀਅਨ ਡਾਲਰ ਹੋ ਗਈ।
ਫੋਰਬਸ ਨੇ ਕਿਹਾ, 'ਅੰਬਾਨੀ ਨੇ ਰਿਲਾਇੰਸ ਇੰਡਸਟਰੀਜ਼ ਦੀ ਤਿੰਨ ਸਾਲ ਪੁਰਾਣੀ ਦੂਰਸੰਚਾਰ ਸੰਸਥਾ ਜੀਓ ਤੋਂ ਆਪਣੀ ਕੁਲ ਸੰਪਤੀ ਵਿੱਚ 4.1 ਬਿਲੀਅਨ ਡਾਲਰ ਜੋੜ ਲਏ।' ਫੋਰਬਸ ਨੇ ਕਿਹਾ ਕਿ ਜੀਓ 340 ਮਿਲੀਅਨ ਗਾਹਕਾਂ ਵਾਲੀ ਭਾਰਤ ਦੀ ਸਭ ਤੋਂ ਵੱਡੀ ਮੋਬਾਈਲ ਕੰਪਨੀ ਬਣ ਗਈ ਹੈ।
ਹਾਲਾਂਕਿ, ਮੰਦੀ ਦਾ ਅਸਰ ਇਸ ਸੂਚੀ ਵਿੱਚ ਵੀ ਦਿਖਾਈ ਦੇ ਰਿਹਾ ਹੈ। ਸਾਲ 2019 ਦੀ ਫੋਰਬਸ ਇੰਡੀਆ ਰਿਚ ਲਿਸਟ ਵਿਚ ਅਰਬਪਤੀਆਂ ਦੀ ਕੁਲ ਸੰਪਤੀ ਇੱਕ ਸਾਲ ਪਹਿਲਾਂ ਦੇ ਮੁਕਾਬਲੇ 8 ਫੀਸਦੀ ਘਟ ਕੇ ਹੁਣ 452 ਬਿਲੀਅਨ ਡਾਲਰ ਰਹਿ ਗਈ ਹੈ। ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਵਿੱਚੋਂ ਅੱਧੇ ਤੋਂ ਵੱਧ ਲੋਕਾਂ ਨੇ ਆਪਣੀ ਦੌਲਤ ਵਿੱਚ ਗਿਰਾਵਟ ਵੇਖੀ ਹੈ। ਇਸ ਦੇ ਬਾਵਜੂਦ, ਕੁਝ ਅਰਬਪਤੀਆਂ ਦੀ ਦੌਲਤ ਵਿੱਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਵਿੱਚੋਂ ਇੱਕ ਨਾਂ ਇਨਫ੍ਰਾਸਟਰਕਚਰ ਟਾਈਕੂਨ ਗੌਤਮ ਅਡਾਨੀ ਦਾ ਨਾਂ ਸ਼ਾਮਲ ਹੈ। ਅਡਾਨੀ ਨੇ ਅੱਠ ਅੰਕ ਦੀ ਛਲਾਂਗ ਲਾ ਕੇ ਦੂਜੇ ਸਥਾਨ ਹਾਸਲ ਕਰ ਲਿਆ ਹੈ।
ਇਸ ਸਾਲ ਛੇ ਨਵੇਂ ਲੋਕਾਂ ਨੇ ਇਸ ਸੂਚੀ ਵਿੱਚ ਜਗ੍ਹਾ ਬਣਾਈ ਹੈ। ਇਨ੍ਹਾਂ ਵਿੱਚ ਹਲਦੀਰਾਮ ਦੇ ਮਨੋਹਰ ਲਾਲ ਤੇ ਮਧੂਸੂਦਨ ਅਗਰਵਾਲ, ਜੇਵਰ ਦੇ ਰਾਜੇਸ਼ ਮਹਿਰਾ ਤੇ ਅਲਕੇਮ ਲੈਬਾਰਟਰੀ ਦੇ ਸੰਪਰਦਾ ਸਿੰਘ ਸ਼ਾਮਲ ਹਨ। ਅਲਕੇਮ ਲੈਬਾਰਟਰੀ ਚਲਾਉਣ ਵਾਲੇ ਸਿੰਘ ਪਰਿਵਾਰ ਨੇ 3.18 ਬਿਲੀਅਨ ਡਾਲਰ ਨਾਲ 41ਵਾਂ ਸਥਾਨ ਪ੍ਰਾਪਤ ਕੀਤਾ। ਇਸ ਸੂਚੀ ਵਿੱਚ ਬਾਇਜੂ ਰਵਿੰਦਰਨ ਸਭ ਤੋਂ ਛੋਟਾ ਚਿਹਰਾ ਹੈ। ਉਸ ਨੇ ਇਸ ਸੂਚੀ ਵਿੱਚ 72ਵਾਂ ਸਥਾਨ ਹਾਸਲ ਕੀਤਾ ਹੈ, ਉਸ ਦੀ ਦੌਲਤ 1.91 ਬਿਲੀਅਨ ਡਾਲਰ ਰਹੀ। ਉਹ ਐਜੂਕੇਸ਼ਨ ਟੈਕ ਸਟਾਰਟਅਪ ਬਾਇਜੂ ਚਲਾਉਂਦਾ ਹੈ।