ਨਵੀਂ ਦਿੱਲੀ: ਜੰਮੂ ਦੇ ਵਸਨੀਕ ਨੈਸ਼ਨਲ ਕਾਨਫਰੰਸ ਦੇ 69 ਸਾਲਾ ਆਗੂ ਤ੍ਰਿਲੋਚਨ ਸਿੰਘ ਵਜ਼ੀਰ ਦੀ ਲਾਸ਼ ਪੱਛਮੀ ਦਿੱਲੀ ਦੇ ਬਸਾਈ ਦਾਰਾਪੁਰ ਤੋਂ ਮਿਲੀ ਹੈ। ਲਾਸ਼ ਦੀ ਹਾਲਤ ਬਹੁਤ ਖਰਾਬ ਹੈ ਤੇ ਗਲ਼ ਸੜ ਚੁੱਕੀ ਹੈ। ਤ੍ਰਿਲੋਚਨ ਸਿੰਘ ਵਜ਼ੀਰ ਜੰਮੂ ਦੇ ਉੱਘੇ ਸਿੱਖ ਆਗੂ ਸਨ ਤੇ ਉਹ ਨੈਸ਼ਨਲ ਕਾਨਫਰੰਸ ਦੇ ਐਮਐਲਸੀ ਭਾਵ ਵਿਧਾਨ ਪ੍ਰੀਸ਼ਦ ਮੈਂਬਰ ਵੀ ਰਹਿ ਚੁੱਕੇ ਸਨ। ਡੀਸੀਪੀ (ਵੈਸਟ) ਉਰਵਿਜਾ ਗੋਇਲ ਨੇ ਦੱਸਿਆ ਹੈ ਕਿ 2 ਸਤੰਬਰ ਨੂੰ ਉਹ ਕੈਨੇਡਾ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਜਾ ਰਹੇ ਸਨ, ਪਰ ਉਡਾਣ ਨਹੀਂ ਭਰ ਸਕੇ।

ਪੋਸਟਮਾਰਟਮ ਤੋਂ ਸਪੱਸ਼ਟ ਹੋਵੇਗਾ ਮੌਤ ਦਾ ਕਾਰਨ
ਉਰਵਿਜਾ ਗੋਇਲ ਨੇ ਦੱਸਿਆ ਕਿ ਤ੍ਰਿਲੋਚਨ ਸਿੰਘ ਦੀ ਮੌਤ ਕਿਵੇਂ ਹੋਈ, ਇਹ ਅਜੇ ਸਪੱਸ਼ਟ ਨਹੀਂ ਹੈ। ਪੋਸਟਮਾਰਟਮ ਵਿੱਚ ਇਹ ਸਪੱਸ਼ਟ ਹੋ ਜਾਵੇਗਾ ਕਿਉਂਕਿ ਲਾਸ਼ ਬਹੁਤ ਜ਼ਿਆਦਾ ਸੜੀ ਹੋਈ ਹੈ। ਸਾਨੂੰ ਜੰਮੂ ਪੁਲਿਸ ਤੋਂ ਜਾਣਕਾਰੀ ਮਿਲੀ ਹੈ। ਉਨ੍ਹਾਂ ਦਾ ਪਰਿਵਾਰ ਚਿੰਤਤ ਸੀ ਕਿਉਂਕਿ ਉਹ ਕੈਨੇਡਾ ਨਹੀਂ ਪੁੱਜੇ ਸਨ।

ਉਸ ਫਲੈਟ ਦੇ ਮਾਲਕ ਹਰਪ੍ਰੀਤ ਸਿੰਘ, ਜਿੱਥੇ ਪੁਲਿਸ ਨੂੰ ਤ੍ਰਿਲੋਚਨ ਦੀ ਲਾਸ਼ ਮਿਲੀ ਸੀ, ਹੁਣ ਪੁਲਿਸ ਲਈ ਸ਼ੱਕੀ ਹੈ। ਇਸ ਸਮੇਂ ਹਰਪ੍ਰੀਤ ਸਿੰਘ ਫਰਾਰ ਹੈ ਤੇ ਉਸ ਦਾ ਫ਼ੋਨ ਨੰਬਰ ਵੀ ਬੰਦ ਹੈ। ਪੁਲਿਸ ਨੇ ਕਿਹਾ ਕਿ ਅਸੀਂ ਇਸ ਸਾਰੇ ਮਾਮਲੇ ਦੀ ਹਰ ਕੋਣ ਤੋਂ ਜਾਂਚ ਕਰ ਰਹੇ ਹਾਂ। ਪੁਲਿਸ ਨੇ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਬਾਥਰੂਮ ਦੇ ਅੰਦਰ ਪਈ ਮਿਲੀ ਲਾਸ਼
ਤ੍ਰਿਲੋਚਨ ਸਿੰਘ ਵਜ਼ੀਰ ਦੀ ਲਾਸ਼ ਘਰ ਦੇ ਅੰਦਰ ਜੁੜੇ ਬਾਥਰੂਮ ਦੇ ਨਾਲ ਬੈਡਰੂਮ ਦੇ ਅੰਦਰ ਪਈ ਮਿਲੀ। ਪੁਲਿਸ ਨੇ ਕਿਹਾ,“ਸਾਨੂੰ ਉਸਦੇ ਲਾਪਤਾ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ, ਸਾਨੂੰ ਸਿਰਫ ਇਹ ਦੱਸਿਆ ਗਿਆ ਸੀ ਕਿ ਇੱਥੇ ਕੋਈ ਲਾਸ਼ ਹੋ ਸਕਦੀ ਹੈ। ਹਰਪ੍ਰੀਤ ਦੇ ਨਾਲ ਹਰਮੀਤ ਸਿੰਘ ਦਾ ਨਾਂਅ ਵੀ ਆ ਰਿਹਾ ਹੈ। ਦੋਵੇਂ ਸ਼ੱਕੀ ਹਨ। ਹਰਮੀਤ ਜੰਮੂ ਦਾ ਵਸਨੀਕ ਹੈ।

ਦੱਸ ਦੇਈਏ ਕਿ ਤ੍ਰਿਲੋਚਨ ਸਿੰਘ ਵਜ਼ੀਰ ਜੰਮੂ-ਕਸ਼ਮੀਰ ਦੇ ਇੱਕ ਪ੍ਰਮੁੱਖ ਟਰਾਂਸਪੋਰਟਰ ਸਨ। ਉਹ ਆਲ ਜੰਮੂ ਤੇ ਕਸ਼ਮੀਰ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਸਨ। ਤ੍ਰਿਲੋਚਨ ਸਿੰਘ ਵਜ਼ੀਰ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਰਹੇ ਸਨ।