ਫਰੀਦਕੋਟ: ਕਿਸਾਨ ਅੰਦੋਲਨ ਕਰਕੇ ਰਿਲਾਇੰਸ ਜੀਓ ਨੂੰ ਵੱਡਾ ਝਟਕਾ ਲੱਗਾ ਹੈ। ਲੋਕ ਰੋਜ਼ਾਨਾ ਜੀਓ ਦੇ ਕਨੈਕਸ਼ਨ ਹੋਰ ਕੰਪਨੀਆਂ ਵਿੱਚ ਪੋਰਟ ਕਰਵਾ ਰਹੇ ਹਨ। ਲੋਕਾਂ ਵਿੱਚ ਗੁੱਸਾ ਇੰਨਾ ਹੈ ਕਿ ਜੀਓ ਦੇ ਟਾਵਰਾਂ ਦੀ ਬਿਜਲੀ ਕੁਨੈਕਸ਼ਨ ਵੀ ਕੱਟੇ ਜਾ ਰਹੇ ਹਨ। ਇਸ ਨਾਲ ਜਿਹੜੇ ਲੋਕਾਂ ਕੋਲ ਜੀਓ ਕੁਨੈਕਸ਼ਨ ਸਨ, ਉਨ੍ਹਾਂ ਦੀਆਂ ਸੇਵਾਵਾਂ ਵੀ ਠੱਪ ਹੁੰਦੀਆਂ ਜਾ ਰਹੀਆਂ ਹਨ।
ਹਾਸਲ ਜਾਣਕਾਰੀ ਮੁਤਾਬਕ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਭਾਣਾ ਦੀ ਪੰਚਾਇਤੀ ਜਗ੍ਹਾ ਵਿੱਚ ਲੱਗੇ ਜੀਓ ਦੇ ਟਾਵਰ ਦਾ ਪਿੰਡ ਦੇ ਲੋਕਾਂ ਨੇ ਬਿਜਲੀ ਕੁਨੈਕਸ਼ਨ ਕੱਟ ਦਿੱਤਾ। ਪਿੰਡ ਦੇ ਸਰਪੰਚ ਬਲਵੰਤ ਸਿੰਘ ਭਾਣਾ ਨੇ ਦੱਸਿਆ ਕਿ ਜਿਸ ਜਗ੍ਹਾ ’ਤੇ ਰਿਲਾਇੰਸ ਨੇ ਜੀਓ ਦਾ ਟਾਵਰ ਲਾਇਆ ਹੋਇਆ ਹੈ, ਉਹ ਜਗ੍ਹਾ ਪੰਚਾਇਤ ਨੇ ਸੁਵਿਧਾ ਕੇਂਦਰ ਬਣਾਉਣ ਲਈ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜੀਓ ਵੱਲੋਂ ਪਿੰਡ ਦੀ ਪੰਚਾਇਤ ਨੂੰ ਟਾਵਰ ਲਾਉਣ ਬਦਲੇ ਕੋਈ ਕਿਰਾਇਆ ਵਗੈਰਾ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਪੰਚਾਇਤ ਨੇ ਇੱਥੇ ਟਾਵਰ ਲਾਉਣ ਦੀ ਇਜਾਜ਼ਤ ਦਿੱਤੀ ਸੀ।
ਦੂਜੇ ਪਾਸੇ ਰਿਲਾਇੰਸ ਦੇ ਅਧਿਕਾਰੀਆਂ ਨੇ ਫ਼ਰੀਦਕੋਟ ਦੇ ਥਾਣਾ ਸਦਰ ਦੀ ਪੁਲੀਸ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਉਨ੍ਹਾਂ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟਣ ਦਾ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਮੰਡੀ ਰੋੜਾਂਵਾਲੀ ਨੇੜਲੇ ਪਿੰਡ ਨੁਕੇਰੀਆਂ ਵਿੱਚ ਕਿਸਾਨਾਂ ਵੱਲੋਂ ਜੀਓ ਟਾਵਰ ਨੂੰ ਮਿਲਣ ਵਾਲੀ ਬਿਜਲੀ ਸਪਲਾਈ ਕੱਟ ਦਿੱਤੀ ਗਈ। ਇਸ ਮੌਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ, ਅਡਾਨੀ ਤੇ ਅੰਬਾਨੀ ਖ਼ਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।