ਨਵੀਂ ਦਿੱਲੀ: ਰਾਜ ਸਭਾ ਵਿੱਚ ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਰਵੱਈਏ ਦੀ ਤੁਲਨਾ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਨਾਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਕਿਹਾ ਕਿ ਫਾਈਲ ਨੂੰ ਸਦਨ ਵਿੱਚ ਮੰਚ ਵੱਲ ਸੁੱਟਣਾ "ਸ਼ਰਮਨਾਕ" ਘਟਨਾ ਸੀ। ਲੋਕ ਸਭਾ ਤੇ ਰਾਜ ਸਭਾ ਦੇ ਕੰਮ ਵਿੱਚ ਵਿਘਨ ਪਾਉਣ ਲਈ ਕਾਂਗਰਸ ਤੇ ਵਿਰੋਧੀ ਪਾਰਟੀਆਂ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਆਵਾਜ਼ ਉਠਾਉਣ ਲਈ ਸੰਸਦ ਵਿੱਚ ਭੇਜੇ ਗਏ ਲੋਕ ਨਿਯਮਾਂ ਦੇ ਵਿਰੁੱਧ ਵਿਵਹਾਰ ਕਰ ਰਹੇ ਹਨ।

Continues below advertisement


ਦੱਸਣਯੋਗ ਹੈ ਕਿ ਮੰਗਲਵਾਰ ਨੂੰ ਰਾਜ ਸਭਾ ਵਿੱਚ ਜਿਵੇਂ ਹੀ ਖੇਤੀਬਾੜੀ ਬਾਰੇ ਚਰਚਾ ਸ਼ੁਰੂ ਹੋਣ ਵਾਲੀ ਸੀ, ਬਾਜਵਾ ਨੂੰ ਵਿਰੋਧੀ ਮੈਂਬਰਾਂ ਦੇ ਹੰਗਾਮੇ ਦੇ ਵਿਚਕਾਰ ਅਧਿਕਾਰੀਆਂ ਦੇ ਡੈਸਕ ਉੱਤੇ ਚੜ੍ਹਦਿਆਂ ਤੇ ਇੱਕ ਸਰਕਾਰੀ ਫਾਈਲ ਨੂੰ ਮੰਚ ਵੱਲ ਸੁੱਟਦੇ ਹੋਏ ਵੇਖਿਆ ਗਿਆ। ਠਾਕੁਰ ਨੇ ਕਿਹਾ ਕਿ ਮੇਜ਼ ਉੱਤੇ ਚੜ੍ਹ ਕੇ ਫਾਈਲ ਸੁੱਟਣਾ ਸ਼ਰਮਨਾਕ ਘਟਨਾ ਸੀ। ਸੂਚਨਾ ਤੇ ਪ੍ਰਸਾਰਣ ਮੰਤਰੀ ਠਾਕੁਰ ਨੇ ਕਿਹਾ ਕਿ ਜੇ ਕੋਈ ਅਜਿਹੀ ਕਾਰਵਾਈ ਕਰਨ ਵਿੱਚ ਮਾਣ ਮਹਿਸੂਸ ਕਰਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ 26 ਜਨਵਰੀ ਦੀਆਂ ਸ਼ਰਮਨਾਕ ਘਟਨਾਵਾਂ ਨੂੰ ਦੁਹਰਾਇਆ ਜਾ ਰਿਹਾ ਹੈ।


ਕਾਬਲੇਗੌਰ ਹੈ ਕਿ ਬਾਜਵਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਰਾਜ ਸਭਾ ਵਿੱਚ ਹੰਗਾਮਾ ਕਰਨ ਲਈ ਕੋਈ ਪਛਤਾਵਾ ਨਹੀਂ ਤੇ ਉਹ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਵਾਜ਼ ਉਠਾਉਣ ਲਈ ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਨ। ਕਾਂਗਰਸ ਸੰਸਦ ਮੈਂਬਰ ਨੇ ਪੀਟੀਆਈ ਨੂੰ ਕਿਹਾ ਕਿ ਮੈਨੂੰ ਕੋਈ ਪਛਤਾਵਾ ਨਹੀਂ। ਜੇ ਸਰਕਾਰ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਬਾਰੇ ਚਰਚਾ ਕਰਨ ਦਾ ਮੌਕਾ ਨਹੀਂ ਦਿੰਦੀ, ਤਾਂ ਮੈਂ ਇਸ ਨੂੰ ਦੁਬਾਰਾ 100 ਵਾਰ ਕਰਾਂਗਾ।