ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਖ਼ੁਦ ਜਲ ਮੰਤਰਾਲਾ ਸਾਂਭ ਸਕਦੇ ਹਨ। ਇਸ ਦਾ ਜਲਦ ਹੀ ਰਸਮੀ ਐਲਾਨ ਹੋ ਸਕਦਾ ਹੈ। ਸਰਕਾਰ ਦੇ ਢਾਈ ਸਾਲ ਦੇ ਕਾਰਜਕਾਲ ਵਿੱਚ ਕੇਜਰੀਵਾਲ ਨੇ ਆਪਣੇ ਕੋਲ ਕੋਈ ਵੀ ਵਿਭਾਗ ਨਹੀਂ ਰੱਖਿਆ ਸੀ। ਫ਼ਿਲਹਾਲ ਇਹ ਮਹਿਕਮਾ ਜਲ ਮੰਤਰਾਲੇ ਰਾਜਿੰਦਰ ਪਾਲ ਗੌਤਮ ਕੋਲ ਹੈ।

ਸੂਤਰਾਂ ਮੁਤਾਬਕ ਕੇਜਰੀਵਾਲ ਨੇ ਮਹਿਸੂਸ ਕੀਤਾ ਹੈ ਕਿ ਦਿੱਲੀ ਦੇ ਪਿਛੜੇ ਇਲਾਕਿਆਂ ਵਿੱਚ ਪਾਣੀ ਤੇ ਸੀਵਰ ਲੋਕਾਂ ਲਈ ਸਭ ਤੋਂ ਵੱਡਾ ਮੁੱਦਾ ਹੈ। ਇਸ ਸਬੰਧੀ ਮੁੱਖ ਮੰਤਰੀ ਕੇਜਰੀਵਾਲ ਕੋਲ ਬਹੁਤ ਸ਼ਿਕਾਇਤਾਂ ਆ ਰਹੀਆਂ ਸਨ। ਸਰਕਾਰ ਬਚੇ ਹੋਏ ਸਮੇਂ ਵਿੱਚ ਇਸ ਮੁੱਦੇ 'ਤੇ ਖ਼ਾਸ ਧਿਆਨ ਦੇਣਾ ਚਾਹੁੰਦੀ ਹੈ। ਇਸ ਕਾਰਨ ਕੇਜਰੀਵਾਲ ਨੇ ਖ਼ੁਦ ਇਹ ਵਿਭਾਗ ਆਪਣੇ ਕੋਲ ਰੱਖਣ ਦਾ ਫੈਸਲਾ ਕੀਤਾ ਹੈ। ਦਿੱਲੀ ਜਲ ਬੋਰਡ ਦੇ ਚੇਅਰਮੈਨ ਹੁਣ ਮੁੱਖ ਮੰਤਰੀ ਕੇਜਰੀਵਾਲ ਹੋਣਗੇ।

ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਆਪਣੇ 15 ਸਾਲ ਦੇ ਕਾਰਜਕਾਲ ਤੱਕ ਇਹ ਵਿਭਾਗ ਆਪਣੇ ਕੋਲ ਹੀ ਰੱਖਿਆ ਸੀ। ਕੇਜਰੀਵਾਲ ਨੇ ਕਪਿਲ ਮਿਸ਼ਰਾ ਨੂੰ ਹਟਾਉਣ ਤੋਂ ਬਾਅਦ ਗੌਤਮ ਨੂੰ ਕੈਬਨਿਟ ਵਿੱਚ ਸ਼ਾਮਲ ਕਰਕੇ ਜਲ ਵਿਭਾਗ ਸੌਂਪਿਆ ਸੀ।

ਅਹਿਮ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਦਲਿਤ ਕੋਟੇ ਦੇ ਇਸ ਮੰਤਰੀ ਰਾਜਿੰਦਰ ਗੌਤਮ ਤੋਂ ਸੈਲਾਨੀ ਵਿਭਾਗ ਲੈ ਕੇ ਉਪ ਮੁੱਖ ਮੰਤਰੀ ਸਿਸੋਦੀਆ ਨੂੰ ਦੇ ਦਿੱਤਾ ਸੀ। ਹੁਣ ਉਨ੍ਹਾਂ ਤੋਂ ਜਲ ਵਿਭਾਗ ਵਾਪਸ ਲੈ ਲਿਆ ਹੈ। ਹੁਣ ਗੌਤਮ ਕੋਲ ਸਮਾਜ ਕਲਿਆਣ ਤੇ ਮਹਿਲਾ ਬਾਲ ਵਿਕਾਸ ਵਰਗੇ ਵਿਭਾਗ ਹੀ ਹੋਣਗੇ।