ਨਵੀਂ ਦਿੱਲੀ: ਪਾਰਟੀ ਦੀ 10ਵੀਂ ਕੌਮੀ ਕੌਂਸਲ ਦੀ ਮੀਟਿੰਗ ਸਨਿੱਚਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ‘ਆਪ’ ਦੀ 34 ਮੈਂਬਰੀ ਨਵੀਂ ਕੌਮੀ ਕੌਂਸਲ ਦਾ ਗਠਨ ਵੀ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਇਸ ਵਿੱਚ ਪੰਜਾਬ ਦੇ ਲੀਡਰਾਂ ਭਗਵੰਤ ਮਾਨ, ਬਲਜਿੰਦਰ ਕੌਰ, ਅਮਨ ਅਰੋੜਾ, ਹਰਪਾਲ ਚੀਮਾ, ਸਰਬਜੀਤ ਕੌਰ ਮਾਣੂਕੇ ਨੂੰ ਅਹਿਮ ਸਥਾਨ ਮਿਲਿਆ ਹੈ।


ਦੱਸ ਦਈਏ ਕਿ ਨਵੀਂ ਕੌਮੀ ਕੌਂਸਲ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਦਿੱਲੀ ਦੇ ਕੈਬਨਿਟ ਮੰਤਰੀ, ਦਿੱਲੀ ਤੇ ਪੰਜਾਬ ਦੇ ਰਾਜ ਸਭਾ ਤੇ ਲੋਕ ਸਭਾ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਬਹੁਤ ਸਾਰੇ ਵਿਧਾਇਕਾਂ ਤੇ ਪਾਰਟੀ ਦੀ ਸੂਬਾ ਇਕਾਈਆਂ ਦੇ ਕਨਵੀਨਰ ਤੇ ਸੀਨੀਅਰ ਨੇਤਾਵਾਂ ਨੂੰ ਜਗ੍ਹਾ ਦਿੱਤੀ ਗਈ ਹੈ।


ਸੀਐਮ ਅਰਵਿੰਦ ਕੇਜਰੀਵਾਲ ਨੇ ਡਿਜੀਟਲ ਮਾਧਿਅਮ ਰਾਹੀਂ ਕੌਮੀ ਕੌਂਸਲ ਦੀ 10ਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ 34 ਮੈਂਬਰੀ ਨਵੀਂ ਰਾਸ਼ਟਰੀ ਕੌਂਸਲ ਦਾ ਗਠਨ ਕੀਤਾ ਗਿਆ ਹੈ। ਕੌਂਸਲ ਵਿੱਚ ਕਈ ਨਵੇਂ ਮੈਂਬਰ ਆਏ ਹਨ। ਮੈਂ ਨਵੇਂ ਮੈਂਬਰਾਂ ਦਾ ਸਵਾਗਤ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਤੁਹਾਡਾ ਇਹ ਕਾਰਜਕਾਲ ਬਹੁਤ ਸਫਲ ਰਹੇਗਾ।


ਨਵੀਂ ਕੌਂਸਲ ’ਚ ਇਹ ਸਾਰੇ 34 ਨਾਂ


ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਗੋਪਾਲ ਰਾਏ, ਰਾਜਿੰਦਰਪਾਲ ਗੌਤਮ, ਇਮਰਾਨ ਹੁਸੈਨ, ਰਾਖੀ ਬਿਡਲਾਨ, ਆਤਿਸ਼ੀ, ਦੁਰਗੇਸ਼ ਪਾਠਕ, ਰਾਘਵ ਚੱਢਾ, ਐਨਡੀ ਗੁਪਤਾ, ਦਿਲੀਪ ਕੁਮਾਰ ਪਾਂਡੇ, ਸੰਜੇ ਸਿੰਘ, ਪ੍ਰੀਤੀ ਸ਼ਰਮਾ ਮੈਨਨ, ਪੰਕਜ ਕੁਮਾਰ ਗੁਪਤਾ, ਦਿਨੇਸ਼ ਮੋਹਨੀਆ, ਗੁਲਾਬ ਸਿੰਘ, ਕੈਪਟਨ ਸ਼ਾਲਿਨੀ ਸਿੰਘ, ਆਦਿਲ ਖਾਨ, ਭਗਵੰਤ ਮਾਨ, ਬਲਜਿੰਦਰ ਕੌਰ, ਅਮਨ ਅਰੋੜਾ, ਹਰਪਾਲ ਚੀਮਾ, ਸਰਬਜੀਤ ਕੌਰ ਮਾਣੂਕੇ, ਡਾ. ਅਲਤਾਫ਼ ਅਹਿਮਦ, ਮਹੇਸ਼ ਬਾਲਮੀਕਿ, ਨੀਲਮ ਯਾਦਵ,ਵੈਂਜੀ ਵੇਗਾਸ, ਇਸੁਦਾਨ ਗੜ੍ਹਵੀ, ਗੋਪਾਲ ਇਟਾਲੀਆ, ਪ੍ਰਿਥਵੀ ਰੈਡੀ, ਸੁਸ਼ੀਲ ਗੁਪਤਾ, ਕਰਨਲ ਅਜੈ ਕੋਠਿਆਲ ਤੇ ਰਾਹੁਲ ਮਹਾਮਬਰੇ ਸ਼ਾਮਲ ਹਨ।


ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਨਵੀਂ ਕੌਂਸਲ ਵਿੱਚ ਉਨ੍ਹਾਂ ਸਾਰੇ ਮਜ਼ਬੂਤ ਨੇਤਾਵਾਂ ਨੂੰ ਮੈਂਬਰ ਬਣਾਇਆ ਗਿਆ ਹੈ, ਜਿਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਲੋਕਾਂ ਵਿੱਚ ਇੱਕ ਜਾਣੇ-ਪਛਾਣੇ ਚਿਹਰੇ ਦੇ ਰੂਪ ਵਿੱਚ ਦੇਖਿਆ ਗਿਆ ਹੈ। ਇਸ ਦੇ ਨਾਲ ਹੀ, ਉਨ੍ਹਾਂ ਰਾਜਾਂ ਨੂੰ ਇਸ ਕੌਂਸਲ ਵਿੱਚ ਪ੍ਰਤੀਨਿਧਤਾ ਦਿੱਤੀ ਗਈ ਹੈ, ਜਿਨ੍ਹਾਂ ਰਾਜਾਂ ਵਿੱਚ ਅਗਲੇ ਸਾਲ ਚੋਣਾਂ ਹੋਣ ਜਾ ਰਹੀਆਂ ਹਨ। ਦਿੱਲੀ ਨਗਰ ਨਿਗਮ ਚੋਣਾਂ ਵੀ ਅਗਲੇ ਸਾਲ ਹੋਣ ਜਾ ਰਹੀਆਂ ਹਨ। ਨਿਗਮ ਸੰਗਠਨ ਦੀ ਕਮਾਂਡ ਸੰਭਾਲਣ ਵਾਲੇ ਨੇਤਾਵਾਂ ਨੂੰ ਵੀ ਪਾਰਟੀ ਵਿੱਚ ਪੂਰੀ ਜਗ੍ਹਾ ਦਿੱਤੀ ਗਈ ਹੈ।


ਇਸ ਤੋਂ ਇਲਾਵਾ, ਉੱਤਰਾਖੰਡ ਦੇ ਮੁੱਖ ਮੰਤਰੀ ਦੇ ਉਮੀਦਵਾਰ ਕਰਨਲ ਅਜੇ ਕੋਠਿਆਲ, ਪੰਜਾਬ ਤੋਂ ਭਗਵੰਤ ਮਾਨ, ਗੋਆ ਤੋਂ ਰਾਹੁਲ ਮਹਾਮਬਰੇ, ਗੁਜਰਾਤ ਦੇ ਇੱਕ ਮਸ਼ਹੂਰ ਟੀਵੀ ਐਂਕਰ ਇਸੁਦਨ ਗੜ੍ਹਵੀ, ਸੰਜੇ ਸਿੰਘ, ਦਿੱਲੀ ਤੋਂ ਰਾਜ ਸਭਾ ਸੰਸਦ ਮੈਂਬਰ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਗੁਜਰਾਤ, ਪੰਜਾਬ, ਉੱਤਰਾਖੰਡ ’ਚ ਲੰਮੇ ਸਮੇਂ ਤੋਂ ਪਾਰਟੀ ਦਾ ਵਿਸਥਾਰ ਕਰਨ ਵਿੱਚ ਜੁਟੇ ਦਿਨੇਸ਼ ਮੋਹਨੀਆ, ਗੁਲਾਬ ਸਿੰਘ, ਆਤਿਸ਼ੀ,ਰਾਘਵ ਚੱਢਾ ਨੂੰ ਜਗ੍ਹਾ ਦੇਣ ਵਿੱਚ ਪਾਰਟੀ ਪਿੱਛੇ ਨਹੀਂ ਰਹੀ ਹੈ।


ਦਿੱਲੀ ਦੇ ਕੈਬਨਿਟ ਮੰਤਰੀ ਕੈਲਾਸ਼ ਗਹਿਲੋਤ ਨੂੰ ਛੱਡ ਕੇ ਬਾਕੀ ਸਾਰੇ ਮੰਤਰੀਆਂ ਨੂੰ ਨਵੀਂ ਕੌਮੀ ਕੌਂਸਲ ਵਿੱਚ ਜਗ੍ਹਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦਿੱਲੀ ਵਿਧਾਨ ਸਭਾ ਦੀ ਡਿਪਟੀ ਸਪੀਕਰ ਤੇ ਤਿੱਖੇ ਬੁਲਾਰੇ ਰਾਖੀ ਬਿਡਲਾਨ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਨਵੀਂ ਕੌਂਸਲ ਵਿੱਚ ਜਾਤੀ ਸਮੀਕਰਨ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਇਨ੍ਹਾਂ ਸਾਰੇ ਨੇਤਾਵਾਂ ਦੀ ਆਪੋ-ਆਪਣੇ ਖੇਤਰਾਂ ਵਿੱਚ ਚੰਗੀ ਪਕੜ ਮੰਨੀ ਜਾਂਦੀ ਹੈ। ਸੰਜੇ ਸਿੰਘ ਅਤੇ ਐਨਡੀ ਗੁਪਤਾ ਤੋਂ ਇਲਾਵਾ ਦਿੱਲੀ ਤੋਂ ਰਾਜ ਸਭਾ ਸੰਸਦ ਮੈਂਬਰ ਡਾ: ਸੁਸ਼ੀਲ ਗੁਪਤਾ ਨੂੰ ਵੀ ਕੌਂਸਲ ਵਿੱਚ ਸਥਾਨ ਦਿੱਤਾ ਗਿਆ ਹੈ, ਉਹ ਇਸ ਵੇਲੇ ਹਰਿਆਣਾ ਦੇ ਸਹਿ ਇੰਚਾਰਜ ਵੀ ਹਨ।