ਗੁਜਰਾਤ ਵਿਧਾਨਸਭਾ ਚੋਣਾਂ ਤੋਂ 15 ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਸ਼ਨੀਵਾਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪਿਛਲੇ ਮਹੀਨੇ ਅਗਸਤ 'ਚ ਬਤੌਰ ਸੀਐਮ ਪੰਜ ਸਾਲ ਪੂਰੇ ਕਰਨ ਵਾਲੇ ਰੂਪਾਣੀ ਦੇ ਅਚਾਨਕ ਅਸਤੀਫੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਨਵੇਂ ਮੁੱਖ ਮੰਤਰੀ ਦੇ ਤੌਰ 'ਤੇ ਉਪ ਮੁੱਖ ਮੰਤਰੀ ਨਿਤਿਨ ਪਟੇਲ, ਖੇਤੀਬਾੜੀ ਮੰਤਰੀ ਆਰਸੀ ਫਾਲਦੂ ਤੇ ਕੇਂਦਰੀ ਮੰਤਰੀਆਂ ਪੁਰਸ਼ੋਤਮ ਰੁਪਾਲਾ, ਮਨਸੁਖ ਮੰਡਾਵਿਆ ਦੇ ਨਾਂਅ ਅੱਗੇ ਚੱਲ ਰਹੇ ਹਨ। 


ਸਾਰੇ ਪਾਰਟੀ ਵਿਧਾਇਕਾਂ ਨੂੰ ਸ਼ਨੀਵਾਰ ਰਾਤ ਤਕ ਗਾਂਧੀਨਗਰ ਪਹੁੰਚਣ ਲਈ ਕਿਹਾ ਗਿਆ ਸੀ। ਐਤਵਾਰ ਸਵੇਰ ਵਿਧਾਨਮੰਡਲ ਦੀ ਬੈਠਕ 'ਚ ਨਵੇਂ ਮੁੱਖ ਮੰਤਰੀ ਦੀ ਚੋਣ ਹੋ ਸਕਦੀ ਹੈ। ਪਾਰਟੀ ਨੇ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਤੇ ਕੇਂਦਰੀ ਸੰਗਠਨ ਜਨਰਲਸਕੱਤਰ ਬੀਐਲ ਸੰਤੋਸ਼ ਨੂੰ ਸੁਪਰਵਾਇਜ਼ਰ ਬਣਾ ਕੇ ਭੇਜਿਆ ਹੈ।


ਸੂਬੇ 'ਚ ਅਗਲੇ ਸਾਲ ਦਸੰਬਰ ਚ 182 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਇਸ ਸੂਬੇ ਤੋਂ ਹਨ। ਅਜਿਹੇ 'ਚ ਬੀਜੇਪੀ ਲਈ ਸੂਬੇ ਦੀਆਂ ਵਿਧਾਨਸਭਾ ਚੋਣਾਂ ਕਾਫੀ ਅਹਿਮੀਅਤ ਰੱਖਦੀਆਂ ਹਨ। 65 ਸਾਲਾ ਰੁਪਾਣੀ ਨੇ ਦਸੰਬਰ 2017 'ਚ ਦੂਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। 


ਰਾਜਪਾਲ ਆਚਾਰਯ ਦੇਵਵ੍ਰਤ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਰੁਪਾਣੀ ਨੇ ਕਿਹਾ ਕਿ 'ਮੈਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਪਾਰਟੀ ਦੀ ਸਿਖਰਲੀ ਅਗਵਾਈ ਦਾ ਫੈਸਲਾ ਹੈ। ਮੈਂ ਪੰਜ ਸਾਲ ਸੂਬੇ ਦੀ ਸੇਵਾ ਕੀਤੀ ਤੇ ਸੂਬੇ ਦੇ ਵਿਕਾਸ 'ਚ ਆਪਣਾ ਯੋਗਦਾਨ ਦਿੱਤਾ। ਹੁਣ ਪਾਰਟੀ ਜੋ ਵੀ ਜ਼ਿੰਮੇਵਾਰੀ ਦੇਵੇਗੀ ਮੈਂ ਉਹ ਨਿਭਾਵਾਂਗਾ।' ਉਨ੍ਹਾਂ ਕਿਹਾ ਬੀਜੇਪੀ 'ਚ ਇਹ ਰਵਾਇਤ ਰਹੀ ਹੈ ਕਿ ਪਾਰਟੀ ਸਮੇਂ-ਸਮੇਂ 'ਤੇ ਜ਼ਿੰਮੇਵਾਰੀ ਬਦਲਦੀ ਰਹਿੰਦੀ ਹੈ। ਮੈਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਮੇਰੇ ਜਿਹੇ ਆਮ ਕਾਰਕੁੰਨ ਨੂੰ ਮੁੱਖ ਮੰਤਰੀ ਦੇ ਤੌਰ 'ਤੇ ਸੂਬੇ ਦੀ ਜਨਤਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੀ।


ਸੂਬਾ ਪ੍ਰਧਾਨ ਨਾਲ ਨਹੀਂ ਕੋਈ ਮਤਭੇਦ


ਰੁਪਾਣੀ ਨੇ ਅਸਤੀਫੇ ਦੀ ਵਜ੍ਹਾ ਲਈ ਸੂਬਾ ਪ੍ਰਧਾਨ ਸੀਆਰ ਪਾਟਿਲ ਨਾਲ ਮਤਭੇਦਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਗਲੇ ਮੁੱਖ ਮੰਤਰੀ ਬਾਰੇ ਪਾਰਟੀ ਫੈਸਲਾ ਲਵੇਗੀ। ਵਿਜੇ ਰੁਪਾਣੀ ਜੈਨ ਭਾਈਚਾਰੇ ਨਾਲ ਸਬੰਧਤ ਹਨ। ਜਿੰਨ੍ਹਾਂ ਦੀ ਸੂਬੇ 'ਚ ਜਨਸੰਖਿਆ 2 ਫੀਸਦ ਦੇ ਕਰੀਬ ਹੈ। ਸੂਤਰਾਂ ਮੁਤਾਬਕ ਪਾਰਟੀ ਹੁਣ ਪਾਟੀਦਾਰ ਭਾਈਚਾਰੇ 'ਚੋਂ ਕਿਸੇ ਨੂੰ ਮੁੱਖ ਮੰਤਰੀ ਬਣਾ ਸਕਦੀ ਹੈ। ਕਿਉਂਕਿ 2017 ਵਿਧਾਨਸਭਾ ਚੋਣਾਂ 'ਚ ਇਸ ਸਮੂਹ ਦੀ ਨਰਾਜ਼ਗੀ ਸਹਿਣੀ ਪਈ ਸੀ ਹਾਲਾਂਕਿ ਇਹ ਫੈਸਲਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੀ ਕਰਨਗੇ ਕਿ ਹੁਣ ਗੁਜਰਾਤ ਦਾ ਮੁੱਖ ਮੰਤਰੀ ਕੌਣ ਹੋਵੇਗਾ।