ਸ਼ਿਮਲਾ: ਕਾਂਗਰਸ ਦੀ ਡਲਹੌਜੀ ਤੋਂ ਵਿਧਾਇਕਾ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਥੱਪੜ ਕਾਂਡ ਤੋਂ ਬਾਅਦ ਹੁਣ ਮਹਿਲਾ ਸਿਪਾਹੀ 'ਤੇ ਉਲਟ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਬੀਤੇ ਕੱਲ੍ਹ ਮਹਿਲਾ ਕਾਂਸਟੇਬਲ ਨੇ ਆਸ਼ਾ ਕੁਮਾਰੀ ਵਿਰੁੱਧ ਉਸ ਨੂੰ ਥੱਪੜ ਮਾਰਨ ਦੇ ਇਲਜ਼ਾਮ ਹੇਠ ਐੱਫ.ਆਈ.ਆਰ. ਦਰਜ ਕਰਵਾ ਦਿੱਤੀ ਸੀ।
ਆਸ਼ਾ ਕੁਮਾਰੀ ਨੇ ਸ਼ਿਮਲਾ ਸਦਰ ਦੇ ਥਾਣਾ ਮੁਖੀ ਨੂੰ ਪੱਤਰ ਰਾਹੀਂ ਆਪਣੀ ਸ਼ਿਕਾਇਤ ਭੇਜੀ ਹੈ। ਉਨ੍ਹਾਂ ਲਿਖਿਆ ਕਿ ਉਹ ਜਦੋਂ ਬੈਠਕ ਵਿੱਚ ਜਾਣ ਲਈ ਕਾਂਗਰਸ ਭਵਨ ਵੱਲ ਵਧੀ ਤਾਂ ਉਕਤ ਮਹਿਲਾ ਕਰਮੀ ਨੇ ਉਸ ਨੂੰ ਰੋਕਿਆ ਤੇ ਉਸ ਨਾਲ ਧੱਕਾ ਮੁੱਕੀ ਕੀਤੀ। ਉਨ੍ਹਾਂ ਲਿਖਿਆ ਕਿ ਇਸ ਦੌਰਾਨ ਕਈ ਲੋਕਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਮਹਿਲਾ ਕਰਮਚਾਰੀ ਨੇ ਉਸ ਦੇ ਥੱਪੜ ਮਾਰ ਦਿੱਤਾ।
ਕਾਂਗਰਸੀ ਆਗੂ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਕਿ ਉਹ ਡਲਹੌਜ਼ੀ ਤੋਂ ਵਿਧਾਇਕ ਹੈ ਤੇ ਲਗਾਤਾਰ ਬੈਠਕਾਂ ਕਾਰਨ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਉਣ ਦਾ ਸਮਾਂ ਨਹੀਂ ਸੀ। ਇਸ ਲਈ ਉਨ੍ਹਾਂ ਪੱਤਰ ਲਿਖ ਕੇ ਸ਼ਿਕਾਇਤ ਦਰਜ ਕਰਨ ਲਈ ਬਿਨੈ ਕੀਤਾ ਹੈ, ਕਿਉਂਕਿ ਉਸ ਮਹਿਲਾ ਕਾਂਸਟੇਬਲ ਨੇ ਉਨ੍ਹਾਂ ਦੀ ਡਿਊਟੀ ਵਿੱਚ ਵਿਘਨ ਪਾਇਆ ਸੀ।
ਦੱਸ ਦੇਈਏ ਕਿ ਬੀਤੇ ਕੱਲ੍ਹ ਆਸ਼ਾ ਕੁਮਾਰੀ ਤੇ ਮਹਿਲਾ ਕਾਂਸਟੇਬਲ ਵਿੱਚ ਕਾਂਗਰਸ ਭਵਨ ਵਿੱਚ ਦਾਖ਼ਲ ਹੋਣ ਸਮੇਂ ਹੱਥੋ-ਪਾਈ ਹੋ ਗਈ ਸੀ। ਆਸ਼ਾ ਕੁਮਾਰੀ ਤੇ ਮਹਿਲਾ ਪੁਲਿਸ ਕਰਮੀ ਨੇ ਇੱਕ ਦੂਜੇ ਨੂੰ ਥੱਪੜ ਮਾਰੇ ਸਨ। ਇਸ ਘਟਨਾ ਤੋਂ ਬਾਅਦ ਆਸ਼ਾ ਕੁਮਾਰੀ ਨੂੰ ਰਾਹੁਲ ਗਾਂਧੀ ਨੇ ਝਿੜਕਿਆ ਤਾਂ ਆਸ਼ਾ ਨੇ ਕਿਹਾ ਸੀ ਕਿ ਉਹ ਕਿਸੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਕਰੇਗੀ। ਬੀਤੀ ਸ਼ਾਮ ਮਹਿਲਾ ਕਾਂਸਟੇਬਲ ਨੇ ਆਸ਼ਾ ਕੁਮਾਰੀ ਵਿਰੁੱਧ ਮਾਮਲਾ ਦਰਜ ਕਰਵਾ ਦਿੱਤਾ ਤਾਂ ਅੱਜ ਆਸ਼ਾ ਕੁਮਾਰੀ ਨੇ ਵੀ ਆਪਣੇ ਵੱਲੋਂ ਸ਼ਿਕਾਇਤ ਭੇਜੀ ਹੈ।