ਨਵੀਂ ਦਿੱਲੀ: ਪਾਕਿਸਤਾਨ ਵਿੱਚ ਕੁਲਭੂਸ਼ਣ ਜਾਧਵ ਨਾਲ ਉਸ ਦੀ ਮਾਂ ਅਤੇ ਪਤਨੀ ਦੀ ਮੁਲਾਕਾਤ 'ਤੇ ਬਹੁਤ ਵੱਡਾ ਖ਼ੁਲਾਸਾ ਹੋਇਆ ਹੈ। ਅੱਤਵਾਦੀ ਹਾਫਿਜ਼ ਸਈਦ ਦੇ ਖ਼ਾਸ ਸਹਿਯੋਗੀ ਅਤੇ ਲਸ਼ਕਰ ਦੇ ਅੱਤਵਾਦੀ ਆਮਿਰ ਹਮਜ਼ਾ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ।

ਆਮਿਰ ਹਮਜ਼ਾ ਦੇ ਦਾਅਵੇ ਦੇ ਮੁਤਾਬਕ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ.ਐੱਸ.ਆਈ. ਨੇ ਜਾਧਵ ਨਾਲ ਉਨ੍ਹਾਂ ਦੇ ਪਰਿਵਾਰ ਦੀ ਮੁਲਾਕਾਤ ਦੌਰਾਨ ਹਰ ਕਦਮ 'ਤੇ ਸਾਜਿਸ਼ ਰਚੀ। ਆਮਿਰ ਹਮਜ਼ਾ ਨੇ ਦਾਅਵਾ ਕੀਤਾ ਹੈ ਕਿ ਜਾਧਵ ਦੀ ਪਤਨੀ ਦੇ ਜੁੱਤੇ ਅਤੇ ਕੱਪੜੇ ਬਦਲਵਾਉਣ ਦਾ ਕੰਮ ਵੀ ਪਾਕਿਸਤਾਨ ਨੇ ISI ਦੇ ਇਸ਼ਾਰੇ 'ਤੇ ਹੀ ਕੀਤਾ।

25 ਦਸੰਬਰ ਨੂੰ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਦੇ ਦੌਰਾਨ ਉਸ ਦੀ ਮਾਂ ਅਤੇ ਪਤਨੀ ਦੇ ਅਪਮਾਨ ਦਾ ਮੁੱਦਾ ਸੰਸਦ ਵਿੱਚ ਵੀ ਗੂੰਜਿਆ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੋਹਾਂ ਸਦਨਾਂ ਵਿੱਚ ਬਿਆਨ ਦੇ ਕੇ ਪਾਕਿਸਤਾਨ ਨੂੰ ਬੇਨਕਾਬ ਕਰ ਦਿੱਤਾ ਸੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਵਰਤਾਅ ਤੇ ਅਸੀਂ ਬੇਹੱਦ ਕਰੜਾ ਰੁਖ਼ ਇਖਤਿਆਰ ਕੀਤਾ ਹੈ। ਪੂਰੇ ਸਦਨ ਨੇ ਪਾਕਿਸਤਾਨ ਦੀ ਨਿਖੇਧੀ ਕੀਤੀ ਸੀ। ਸੁਸ਼ਮਾ ਸਵਰਾਜ ਨੇ ਭਾਸ਼ਣ ਤੋਂ ਬਾਅਦ ਲੋਕ ਸਭਾ ਵਿੱਚ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਸਨ।

ਏ.ਬੀ.ਪੀ. ਸਾਂਝਾ ਨੂੰ ਮਿਲੀ ਜਾਣਕਾਰੀ ਮੁਤਾਬਿਕ ਜਾਧਵ ਪਰਿਵਾਰ ਦੇ ਮਾਨਸਿਕ ਸੋਸ਼ਣ ਦਾ ਦੌਰ ਇਸਲਾਮਾਬਾਦ ਦੇ ਬੇਨਜ਼ੀਰ ਹਵਾਈ ਅੱਡੇ ਤੋਂ ਹੀ ਸ਼ੁਰੂ ਹੋ ਗਿਆ ਸੀ। ਪਰਿਵਾਰ ਨੂੰ ਨਾ ਸਿਰਫ ਸਖ਼ਤ ਸੁਰੱਖਿਆ ਘੇਰੇ ਵਿੱਚ ਰੱਖਿਆ ਗਿਆ ਬਲਕਿ ਉਨ੍ਹਾਂ ਦੀ ਹਰ ਵੇਲੇ ਵੀਡੀਓ ਰਿਕਾਰਡਿੰਗ ਵੀ ਕੀਤੀ ਜਾ ਰਹੀ ਸੀ।

ਪਾਕਿਸਤਾਨ ਦੀ ਸ਼ਰਮਨਾਕ ਹਰਕਤ ਨੂੰ ਇਹ ਸੀ ਕਿ ਜਾਧਵ ਦੀ ਮਾਂ ਅਤੇ ਪਤਨੀ ਜੋ ਦੁਬਈ ਰਸਤੇ 6 ਘੰਟੇ ਦਾ ਸਫ਼ਰ ਤਹਿ ਕਰ ਕੇ ਇਸਲਾਮਾਬਾਦ ਪਹੁੰਚੀਆਂ ਸਨ। ਉਨ੍ਹਾਂ ਨੂੰ ਏਅਰਪੋਰਟ ਤੇ ਬਾਥਰੂਮ ਦੀ ਵਰਤੋਂ ਤੱਕ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਮੰਤਰਾਲੇ ਵਿੱਚ ਪਹੁੰਚਣ 'ਤੇ ਪਾਕਿਸਤਾਨ ਨੇ ਰਣਨੀਤੀ ਦੇ ਤਹਿਤ ਦੋਹਾਂ ਨੂੰ ਪਰੇਸ਼ਾਨ ਕੀਤਾ।

ਸੂਤਰਾਂ ਮੁਤਾਬਕ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਡਰਾਈਵਰ ਨੇ ਜਾਣਬੁੱਝ ਕੇ ਜਾਧਵ ਦੀ ਮਾਂ ਅਤੇ ਪਤਨੀ ਦੀ ਗੱਡੀ ਅਜਿਹੇ ਥਾਂ ਤੇ ਰੋਕੀ ਜਿੱਥੇ ਮੀਡੀਆ ਦੇ ਕੈਮਰੇ ਲੱਗੇ ਹੋਏ ਸਨ ਅਤੇ ਮੀਡੀਆ ਕੋਲੋਂ ਜਾਣਬੁੱਝ ਕੇ ਅਜਿਹੇ ਬੇਤੁਕੇ ਸਵਾਲ ਪੁਛਵਾਏ ਗਏ। ਕੁਝ ਪੱਤਰਕਾਰ ਪੁੱਛ ਰਹੇ ਸਨ ਕਿ ਇੱਕ ਕਾਤਿਲ ਦੀ ਮਾਂ ਅਤੇ ਪਤਨੀ ਦੇ ਤੌਰ 'ਤੇ ਪਾਕਿਸਤਾਨ ਆ ਕੇ ਕਿੱਦਾਂ ਲੱਗ ਰਿਹਾ ਹੈ?