5 States Election Results 2023: ਸਾਲ ਦੇ ਅਖ਼ੀਰ ਵਿੱਚ ਪਈਆਂ ਵੋਟਾਂ ਵਿੱਚੋਂ 3 ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ ਤੇ ਇਸ ਦੌਰਾਨ ਕਾਂਗਰਸ ਕੋਲ ਮਹਿਜ਼ ਤੇਲੰਗਾਨਾ ਸੂਬਾ ਆਇਆ ਹੈ। ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਭਾਜਪਾ ਨੇ ਆਪਣਾ ਕਲਮ ਖਿੰਡਾ ਦਿੱਤਾ ਹੈ। ਜੇ ਗੱਲ ਮਿਜ਼ੋਰਮ ਦੀ ਕਰੀਏ ਤਾਂ ਉਸ ਦੇ ਨਤੀਜੇ 4 ਦਸੰਬਰ ਨੂੰ ਸਾਹਮਣੇ ਆਉਣਗੇ।
ਇਨ੍ਹਾਂ ਸੂਬਿਆਂ ਵਿੱਚ ਸੱਤਾ ਸਾਂਭਣ ਤੋਂ ਬਾਅਦ ਭਾਜਪਾ ਆਪਣੇ ਦਮ ਉੱਤੇ 12 ਸੂਬਿਆਂ ਉੱਤੇ ਰਾਜ ਕਰੇਗੀ ਤੇ ਕਾਂਗਰਸ ਇਸ ਤੋਂ ਬਾਅਦ ਆਪਣੇ ਦਮ ਉੱਤੇ 3 ਸੂਬਿਆਂ ਦੀ ਸੱਤਾ ਉੱਤੇ ਕਾਬਜ਼ ਰਹੇਗੀ। ਕਰਨਾਟਕ ਤੇ ਹਿਮਾਚਲ ਪ੍ਰਦੇਸ਼ ਅਜਿਹੇ ਸੂਬੇ ਹਨ ਜਿੱਥੇ ਕਾਂਗਰਸ ਪਾਰਟੀ ਨੇ ਬਹੁਮਤ ਨਾਲ ਸਰਕਾਰ ਬਣਾਈ ਹੈ ਹੁਣ ਤੇਲੰਗਾਨਾ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।
ਕਿਹੜੇ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ
ਕੇਂਦਰ 'ਚ ਸੱਤਾ 'ਤੇ ਕਾਬਜ਼ ਭਾਜਪਾ ਉੱਤਰਾਖੰਡ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ, ਗੋਆ, ਅਸਾਮ, ਤ੍ਰਿਪੁਰਾ, ਮਣੀਪੁਰ, ਅਰੁਣਾਚਲ ਪ੍ਰਦੇਸ਼ 'ਚ ਸੱਤਾ 'ਤੇ ਕਾਬਜ਼ ਹੈ ਅਤੇ ਜੇਕਰ ਅੱਜ ਹੋ ਰਹੀ ਵੋਟਾਂ ਦੀ ਗਿਣਤੀ ਦੇ ਰੁਝਾਨ ਨਤੀਜੇ ਬਦਲਦੇ ਹਨ ਤਾਂ ਮੱਧ ਪ੍ਰਦੇਸ਼ ਦੀ ਸੱਤਾ ਬਰਕਰਾਰ ਰੱਖਣਗੇ।ਰਾਜਸਥਾਨ ਅਤੇ ਛੱਤੀਸਗੜ੍ਹ ਨੂੰ ਕਾਂਗਰਸ ਤੋਂ ਖੋਹ ਲਵੇਗੀ। ਹਾਲਾਂਕਿ, ਹਰਿਆਣਾ ਵਿੱਚ ਭਾਜਪਾ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨਾਲ ਗੱਠਜੋੜ ਵਿੱਚ ਹੈ। ਇਸ ਤੋਂ ਇਲਾਵਾ ਭਾਜਪਾ ਚਾਰ ਰਾਜਾਂ ਮਹਾਰਾਸ਼ਟਰ, ਮੇਘਾਲਿਆ, ਨਾਗਾਲੈਂਡ ਅਤੇ ਸਿੱਕਮ ਵਿੱਚ ਵੀ ਸੱਤਾਧਾਰੀ ਗੱਠਜੋੜ ਦਾ ਹਿੱਸਾ ਹੈ।
ਕਿਹੜੇ ਸੂਬਿਆਂ ਵਿੱਚ ਕਾਂਗਰਸ ਸਰਕਾਰ
ਕਾਂਗਰਸ ਹੁਣ ਤਿੰਨ ਰਾਜਾਂ ਕਰਨਾਟਕ, ਹਿਮਾਚਲ ਪ੍ਰਦੇਸ਼ ਅਤੇ ਤੇਲੰਗਾਨਾ 'ਚ ਆਪਣੇ ਦਮ 'ਤੇ ਸੱਤਾ 'ਤੇ ਕਾਬਜ਼ ਹੋਵੇਗੀ। ਤੇਲੰਗਾਨਾ ਵਿੱਚ, ਕਾਂਗਰਸ ਆਪਣੇ ਨਜ਼ਦੀਕੀ ਵਿਰੋਧੀ, ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਨੂੰ ਹਰਾ ਕੇ ਜਿੱਤ ਦੇ ਰਾਹ 'ਤੇ ਹੈ। ਕਾਂਗਰਸ ਬਿਹਾਰ ਅਤੇ ਝਾਰਖੰਡ ਵਿੱਚ ਸੱਤਾਧਾਰੀ ਗੱਠਜੋੜ ਦਾ ਵੀ ਹਿੱਸਾ ਹੈ ਅਤੇ ਤਾਮਿਲਨਾਡੂ ਵਿੱਚ ਸ਼ਾਸਨ ਕਰਨ ਵਾਲੇ ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਦੀ ਸਹਿਯੋਗੀ ਹੈ। ਹਾਲਾਂਕਿ, ਉਹ ਰਾਜ ਸਰਕਾਰ ਦਾ ਹਿੱਸਾ ਨਹੀਂ ਹੈ।
ਦੇਸ਼ ਵਿੱਚ ਰਾਸ਼ਟਰੀ ਪੱਧਰ ਦੀਆਂ ਕਿੰਨੀਆਂ ਪਾਰਟੀਆਂ ?
ਵਰਤਮਾਨ ਵਿੱਚ ਭਾਰਤ ਵਿੱਚ ਛੇ ਰਾਸ਼ਟਰੀ ਪਾਰਟੀਆਂ ਹਨ - ਭਾਜਪਾ, ਕਾਂਗਰਸ, ਬਹੁਜਨ ਸਮਾਜ ਪਾਰਟੀ (ਬੀਐਸਪੀ), ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਐਮ), ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਅਤੇ ਆਮ ਆਦਮੀ ਪਾਰਟੀ (ਆਪ)। ਵਿਧਾਨ ਸਭਾ ਚੋਣਾਂ ਦਾ ਅਗਲਾ ਦੌਰ 2024 ਵਿੱਚ ਹੋਵੇਗਾ ਜਦੋਂ ਸਿੱਕਮ, ਅਰੁਣਾਚਲ ਪ੍ਰਦੇਸ਼, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਵਿੱਚ ਚੋਣਾਂ ਹੋਣਗੀਆਂ। ਜੰਮੂ-ਕਸ਼ਮੀਰ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ।