ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਪਰਬਤਾਰੋਹੀ ਬਲਜੀਤ ਕੌਰ ਤੇ ਰਾਜਸਥਾਨ ਦੇ ਗੁਣਬਾਲਾ ਸ਼ਰਮਾ ਮਾਊਂਟ ਪਮੋਰੀ ਨੂੰ ਸਰ ਕਰਨ ਵਾਲੀਆਂ ਪਹਿਲੀਆਂ ਭਾਰਤੀ ਮਹਿਲਾਵਾਂ ਬਣ ਗਈਆਂ ਹਨ। ਇਹ ਪਰਬਤੀ ਟੀਸੀ ਨੇਪਾਲ ’ਚ ਸਥਿਤ ਹੈ ਤੇ ਇਸ ਦੀ ਉਚਾਈ 7,161 ਮੀਟਰ ਹੈ। ਉਨ੍ਹਾਂ ਦੀ ਇਹ ਮੁਹਿੰਮ ਐਵਰੈਸਟ ਮੈਸਿਫ਼ ਦਾ ਹਿੱਸਾ ਹੈ।

 

ਐਵਰੈਸਟ ਮੈਸਿਫ਼ ’ਚ ਇਹ ਚਾਰ ਪਰਬਤੀ ਟੀਸੀਆਂ ਆਉਂਦੀਆਂ ਹਨ। ਮਾਊਂਟ ਨਪਟਸੇ (7,862 ਮੀਟਰ), ਮਾਊਂਟ ਪਮੋਰੀ (7,161 ਮੀਟਰ), ਮਾਊਂਟ ਲਹੋਤਸੇ (8,516 ਮੀਟਰ) ਤੇ ਦੁਨੀਆ ਦੀ ਸਭ ਤੋਂ ਉੱਚੀ ਟੀਸੀ ਮਾਊਂਟ ਐਵਰੈਸਟ (8,848 ਮੀਟਰ)।

 

ਮੀਡੀਆ ਰਿਪੋਰਟਾਂ ਅਨੁਸਾਰ ਬਲਜੀਤ ਕੌਰ ਨੇ ਮਾਊਂਟ ਪਮੋਰੀ ਨੂੰ ਬੁੱਧਵਾਰ ਸਵੇਰੇ 8:40 ਵਜੇ ਸਰ ਕੀਤਾ ਤੇ ਗੁਣਬਾਲਾ ਸ਼ਰਮਾ ਨੇ ਵੀ ਥੋੜ੍ਹੇ ਚਿਰ ਪਿੱਛੋਂ ਉਸ ਟੀਸੀ ਉੱਤੇ ਆਪਣਾ ਝੰਡਾ ਲਹਿਰਾ ਦਿੱਤਾ। ਉਨ੍ਹਾਂ ਨਾਲ ਇਸ ਮੁਹਿੰਮ ਵਿੱਚ ਦੋ ਸ਼ੇਰਪਾ ਨੂਰੀ ਸ਼ੇਰਪਾ ਤੇ ਗੇਲੂ ਸ਼ੇਰਪਾ ਵੀ ਮੌਜੂਦ ਸਨ।

 

ਦਿੱਲੀ ਸਥਿਤ ‘ਇੰਡੀਅਨ ਮਾਊਂਟੇਨੀਅਰਿੰਗ ਫ਼ਾਊਂਡੇਸ਼ਨ’ (IMF) ਦੇ ਪ੍ਰਧਾਨ ਬ੍ਰਿਗੇਡੀਅਰ ਅਸ਼ੋਕ ਐਬੇ (ਸੇਵਾ ਮੁਕਤ) ਨੇ ਦੱਸਿਆ ਕਿ ਬਲਜੀਤ ਕੌਰ ਅਤੇ ਗੁਣਬਾਲਾ ਸ਼ਰਮਾ ਪਹਿਲੀਆਂ ਭਾਰਤੀ ਮਹਿਲਾਵਾਂ ਹਨ, ਜਿਨ੍ਹਾਂ ਐਵਰੈਸਟ ਮੈਸਿਫ਼ ਦੀ ਇੱਕ ਸਭ ਤੋਂ ਔਖੀ ਟੀਸੀ ਨੂੰ ਸਰ ਕੀਤਾ ਹੈ।

 
ਉਨ੍ਹਾਂ ਦੱਸਿਆ ਕਿ ਬੀਤੀ 10 ਮਈ ਨੂੰ ਦੋ ਭਾਰਤੀ ਪੁਰਸ਼ ਪਰਬਤਾਰੋਹੀਆਂ ਹੇਮ ਰਾਜ ਤੇ ਸਟੈਂਜ਼ਿਨ ਨੌਰਬੂ ਨੇ ਵੀ ਇਸੇ ਪਮੋਰੀ ਚੋਟੀ ਨੂੰ ਸਰ ਕੀਤਾ ਸੀ। ਉਨ੍ਹਾਂ ਨਾਲ ਚਾਰ ਸ਼ੇਰਪਾ ਵੀ ਮੌਜੂਦ ਸਨ। ਇਸ ਚੋਟੀ ਨੂੰ ਸਰ ਕਰਨ ਵਾਲੇ ਭਾਰਤੀਆਂ ਦਾ ਇਹ ਪਹਿਲਾ ਸਮੂਹ ਹੈ। ਜਾਣਕਾਰ ਪਰਬਤਾਰੋਹੀਆਂ ਦਾ ਮੰਨਣਾ ਹੈ ਕਿ ਇਸ ਟੀਸੀ ਨੂੰ ਸਰ ਕਰਨਾ ਕੁਝ ਮਾਮਲਿਆਂ ਵਿੱਚ ਤਾਂ ਮਾਊਂਟ ਐਵਰੈਸਟ ਨੂੰ ਸਰ ਕਰਨ ਨਾਲੋਂ ਵੀ ਔਖਾ ਹੈ। ‘ਇੰਡੀਅਨ ਐਕਸਪ੍ਰੈੱਸ’ ਵੱਲੋਂ ਪ੍ਰਕਾਸ਼ਿਤ ਸੌਰਭ ਪ੍ਰਾਸ਼ਰ ਦੀ ਰਿਪੋਰਟ ਅਨੁਸਾਰ ਟੀਸੀ ਨੂੰ ਸਰ ਕਰਦੇ ਸਮੇਂ ਨੇਪਾਲ ਸਰਕਾਰ ਵੱਲੋਂ ਲਾਗੂ ਕੋਵਿਡ ਪਾਬੰਦੀਆਂ ਤੇ ਪ੍ਰੋਟੋਕੋਲ ਦੀ ਵੀ ਪੂਰੀ ਤਰ੍ਹਾਂ ਪਾਲਣਾ ਕਰਨੀ ਪੈ ਰਹੀ ਹੈ।

 
ਹਾਸਲ ਜਾਣਕਾਰੀ ਅਨੁਸਾਰ ਭਾਰਤੀ ਟੀਮਾਂ ਨੂੰ ਪਮੋਰੀ ਟੀਸੀ ਤੱਕ ਪੁੱਜਣ ਲਈ ਤਿੰਨ ਕੈਂਪ ਲਾਉਣੇ ਪਏ। ਪਹਿਲਾ ਕੈਂਪ 5,700 ਮੀਟਰ ਦੀ ਉਚਾਈ ਉੱਤੇ, ਦੂਜਾ 6,200 ਮੀਟਰ ਤੇ ਤੀਜਾ 6,480ਮੀਟਰ ਦੀ ਉਚਾਈ ਉੱਤੇ ਲਾਇਆ ਗਿਆ। ਐਵਰੈਸਟ ਮੈਸਿਫ਼ ਮੁਹਿੰਮ ਦੀਆਂ ਇਨ੍ਹਾਂ ਟੀਮਾਂ ਨੂੰ ਭਾਰਤ ਦੇ ਯੁਵਾ ਮਾਮਲਿਆਂ ਤੇ ਖੇਡ ਮੰਤਰੀ ਕਿਰੇਨ ਰਿਜਿਜੂ ਨੇ 27 ਮਾਰਚ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ ਸੀ।