ਨਵੀਂ ਦਿੱਲੀ: ਜੇਕਰ ਤੁਸੀਂ ਵੀ ਕਰੈਡਿਟ ਕਾਰਡ ਲੈਣ ਬਾਰੇ ਸੋਚ ਰਹੇ ਹੋ ਪਰ ਸਾਲਾਨਾ ਫ਼ੀਸ ਅਤੇ ਤਨਖ਼ਾਹ ਓਨੀ ਨਾ ਹੋਣ ਕਰ ਕੇ ਮੰਨ ਬਦਲ ਜਾਂਦਾ ਹੈ ਤਾਂ ਤੁਹਾਡੇ ਕੋਲ ਹੁਣ ਚੰਗਾ ਮੌਕਾ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਵੱਲੋਂ ਆਪਣੇ ਖਾਤਾ ਧਾਰਕਾਂ ਨੂੰ ਮੁਫ਼ਤ ਕਰੈਡਿਟ ਕਾਰਡ ਦਿੱਤਾ ਜਾ ਰਿਹਾ ਹੈ, ਜਿਸ ਦਾ ਨਾਮ ਹੈ 'ਉੱਨਤੀ'। ਐੱਸ. ਬੀ. ਆਈ. ਇਸ ਕਾਰਡ 'ਤੇ ਤੁਹਾਡੇ ਕੋਲੋਂ 4 ਸਾਲਾਂ ਤਕ ਕੋਈ ਸਾਲਾਨਾ ਫ਼ੀਸ ਨਹੀਂ ਲਵੇਗਾ। ਹਾਲਾਂਕਿ ਉਸ ਤੋਂ ਬਾਅਦ ਹਰ ਸਾਲ 499 ਰੁਪਏ ਦੀ ਫ਼ੀਸ ਦੇਣੀ ਹੋਵੇਗੀ।

ਐੱਸ. ਬੀ. ਆਈ. ਦਾ ਉੱਨਤੀ ਕਾਰਡ ਹਰ ਉਹ ਵਿਅਕਤੀ ਲੈ ਸਕਦਾ ਹੈ, ਜਿਸ ਨੇ 25,000 ਜਾਂ ਉਸ ਤੋਂ ਵੱਧ ਦੀ ਐੱਫ. ਡੀ. ਇਸ ਬੈਂਕ ਨਾਲ ਕਰਾਈ ਹੋਵੇ। ਯਾਨੀ ਜੇਕਰ ਤੁਹਾਡੀ ਮਹੀਨਾਵਾਰ ਤਨਖ਼ਾਹ ਥੋੜ੍ਹੀ ਹੈ ਪਰ ਕਰੈਡਿਟ ਕਾਰਡ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਘੱਟੋ-ਘੱਟ 25,000 ਰੁਪਏ ਦੀ ਐੱਫ. ਡੀ. (ਫਿਕਸਡ ਡਿਪਾਜ਼ਿਟ) ਕਰਾ ਕੇ ਕਰੈਡਿਟ ਕਾਰਡ ਹਾਸਲ ਕਰ ਸਕਦੇ ਹੋ।

ਉੱਥੇ ਹੀ, ਇਸ ਕਾਰਡ ਜ਼ਰੀਏ 100 ਰੁਪਏ ਖ਼ਰਚ ਕਰਨ 'ਤੇ ਤੁਹਾਨੂੰ ਹਰ ਵਾਰ ਰਿਵਾਰਡ ਅੰਕ ਵੀ ਮਿਲਣਗੇ ਪਰ ਇਸ ਤਹਿਤ ਕੁੱਝ ਸ਼ਰਤਾਂ ਹਨ। ਜੇਕਰ ਤੁਸੀਂ ਸਾਲ 'ਚ 50 ਹਜ਼ਾਰ ਰੁਪਏ ਤਕ ਖ਼ਰਚ ਕਰਦੇ ਹੋ ਤਾਂ ਬੈਂਕ ਤੁਹਾਨੂੰ 500 ਰੁਪਏ ਦਾ ਕੈਸ਼ ਬੈਕ ਦਿੰਦਾ ਹੈ। ਵੀਜ਼ਾ ਜਾਂ ਮਾਸਟਰ ਕਾਰਡ ਸਵੀਕਾਰ ਕਰਨ ਵਾਲੇ ਕਿਸੇ ਵੀ ਖ਼ਰੀਦਦਾਰੀ ਸਟੋਰ 'ਤੇ ਤੁਸੀਂ ਇਸ ਕਾਰਡ ਦੀ ਵਰਤੋਂ ਕਰ ਸਕਦੇ ਹੋ।

ਇਸ ਦੇ ਨਾਲ ਹੀ ਤੁਸੀਂ ਆਪਣੇ ਬਿਜਲੀ, ਫ਼ੋਨ, ਮੋਬਾਈਲ ਅਤੇ ਹੋਰ ਬਿੱਲਾਂ ਦੇ ਭੁਗਤਾਨ ਵੀ ਕਰ ਸਕਦੇ ਹੋ। ਜੇਕਰ ਤੁਸੀਂ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਇਸ ਲਿੰਕ www.sbicard.com 'ਤੇ ਕਲਿੱਕ ਕਰ ਕੇ ਹਾਸਲ ਕਰ ਸਕਦੇ ਹੋ ਜਾਂ ਬੈਂਕ ਬਰਾਂਚ 'ਚ ਜਾ ਕੇ ਇਸ ਕਾਰਡ ਬਾਰੇ ਜ਼ਿਆਦਾ ਜਾਣਕਾਰੀ ਲਈ ਜਾ ਸਕਦੀ ਹੈ।