Challan rules: ਦੇਸ਼ 'ਚ ਦੋਪਹੀਆ ਵਾਹਨ ਸਵਾਰਾਂ ਲਈ ਸੁਰੱਖਿਆ ਦੇ ਕਈ ਨਿਯਮ ਬਣਾਏ ਗਏ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਮੋਟਰਸਾਈਕਲ ਸਵਾਰ ਟ੍ਰੈਫ਼ਿਕ ਨਿਯਮਾਂ ਤੋਂ ਜਾਣੂ ਨਹੀਂ ਹਨ। ਇਹੀ ਕਾਰਨ ਹੈ ਕਿ ਕਈ ਵਾਰ ਵਾਹਨ ਚਾਲਕ ਟ੍ਰੈਫ਼ਿਕ ਪੁਲਿਸ ਨਾਲ ਉਲਝ ਜਾਂਦੇ ਹਨ। 



ਦਰਅਸਲ ਬਹੁਤ ਘੱਟ ਲੋਕ ਜਾਣਦੇ ਹਨ ਦੋਪਹੀਆ ਵਾਹਨ ਚਲਾਉਣ ਵੇਲੇ ਤੁਹਾਡੇ ਪਹਿਰਾਵੇ ਕਰਕੇ ਵੀ ਚਲਾਨ ਕੱਟਿਆ ਜਾ ਸਕਦਾ ਹੈ। ਸੁਣਨ ਵਿੱਚ ਭਾਵੇਂ ਹੈਰਾਨੀਜਨਕ ਲੱਗੇ ਪਰ ਟ੍ਰੈਫ਼ਿਕ ਨਿਯਮਾਂ ਮੁਤਾਬਕ ਦੋਪਹੀਆ ਵਾਹਨ ਸਵਾਰਾਂ ਲਈ ਡ੍ਰੈਸ ਕੋਡ ਤੈਅ ਕੀਤਾ ਗਿਆ ਹੈ। ਭਾਵ ਦੋਪਹੀਆ ਵਾਹਨ ਚਲਾਉਣ ਸਮੇਂ ਕੱਪੜੇ ਤੇ ਜੁੱਤਿਆਂ ਬਾਰੇ ਨਿਯਮ ਹੈ।



ਚੱਪਲਾਂ ਪਾ ਕੇ ਮੋਟਰਸਾਈਕਲ ਨਹੀਂ ਚਲਾ ਸਕਦੇ
ਦਰਅਸਲ ਤੁਸੀਂ ਚੱਪਲਾਂ ਪਾ ਕੇ ਮੋਟਰਸਾਈਕਲ ਨਹੀਂ ਚਲਾ ਸਕਦੇ। ਜੇਕਰ ਅਜਿਹਾ ਹੁੰਦਾ ਹੈ ਤਾਂ ਟ੍ਰੈਫਿਕ ਪੁਲਿਸ ਤੁਹਾਡਾ ਚਲਾਨ ਕੱਟ ਸਕਦੀ ਹੈ। ਮੋਟਰ ਵਹੀਕਲ ਐਕਟ ਤਹਿਤ ਚੱਪਲਾਂ, ਸੈਂਡਲ ਜਾਂ ਫਲੋਟਰਸ ਨਾਲ ਮੋਟਰਸਾਈਕਲ ਚਲਾਉਣਾ ਅਪਰਾਧ ਮੰਨਿਆ ਜਾਂਦਾ ਹੈ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਇਸ ਤਰ੍ਹਾਂ ਦੇ ਫੁਟਵੀਅਰ ਕਾਰਨ ਪਕੜ ਕਮਜ਼ੋਰ ਹੁੰਦੀ ਹੈ ਤੇ ਪੈਰ ਫਿਸਲ ਸਕਦਾ ਹੈ। 


ਇਸ ਦੇ ਨਾਲ ਹੀ ਮੋਟਰਸਾਈਕਲ 'ਤੇ ਗਿਅਰ ਸ਼ਿਫਟ ਕਰਦੇ ਸਮੇਂ ਇਸ ਕਿਸਮ ਦੇ ਫੁਟਵੀਅਰ ਤੋਂ ਪੈਰ ਫਿਸਲਣ ਦੀ ਸੰਭਾਵਨਾ ਰਹਿੰਦੀ ਹੈ, ਜਿਸ ਨਾਲ ਦੁਰਘਟਨਾ ਹੋ ਸਕਦੀ ਹੈ। ਅਜਿਹੇ 'ਚ ਬਾਈਕ ਮਾਲਕ ਦਾ 1000 ਰੁਪਏ ਤੱਕ ਦਾ ਚਲਾਨ ਕੱਟਿਆ ਜਾ ਸਕਦਾ ਹੈ।



ਬਾਈਕ 'ਤੇ ਡ੍ਰੈਸ ਕੋਡ ਦਾ ਰੱਖਣਾ ਪੈਂਦਾ ਧਿਆਨ
ਇਸ ਤੋਂ ਇਲਾਵਾ ਡਰਾਈਵਰ ਲਈ ਬਾਈਕ ਚਲਾਉਂਦੇ ਸਮੇਂ ਸਹੀ ਡ੍ਰੈੱਸ ਕੋਡ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਉਦਾਹਰਨ ਲਈ ਮੋਟਰਸਾਈਕਲ ਦੀ ਸਵਾਰੀ ਕਰਦੇ ਸਮੇਂ ਪੈਂਟ, ਕਮੀਜ਼ ਜਾਂ ਟੀ-ਸ਼ਰਟ ਪਹਿਨਣੀ ਚਾਹੀਦੀ ਹੈ। ਉਹ ਸਰੀਰ ਦਾ ਪੂਰੀ ਤਰ੍ਹਾਂ ਢੱਕਿਆ ਹੋਣਾ ਚਾਹੀਦਾ ਹੈ। 


ਇਸ ਪਿੱਛੇ ਤਰਕ ਹੈ ਕਿ ਕਿਸੇ ਵੀ ਦੁਰਘਟਨਾ ਦੀ ਸਥਿਤੀ 'ਚ ਇਹ ਕੱਪੜੇ ਸਰੀਰ ਨੂੰ ਕੁਝ ਹੱਦ ਤੱਕ ਸੁਰੱਖਿਅਤ ਰੱਖ ਸਕਦੇ ਹਨ। ਜੇਕਰ ਤੁਸੀਂ ਇਸ ਨਿਯਮ ਨੂੰ ਨਜ਼ਰਅੰਦਾਜ਼ ਕਰਦੇ ਹੋ ਤਾਂ ਤੁਹਾਡਾ 2000 ਰੁਪਏ ਤੱਕ ਦਾ ਚਲਾਨ ਕੱਟਿਆ ਜਾ ਸਕਦਾ ਹੈ। ਇਸ ਲਈ ਬਾਈਕ ਚਲਾਉਂਦੇ ਸਮੇਂ ਇਨ੍ਹਾਂ ਨਿਯਮਾਂ ਦੀ ਜ਼ਰੂਰ ਪਾਲਣਾ ਕਰੋ।



ਦੱਸ ਦਈਏ ਕਿ ਵਿਸ਼ਵ ਬੈਂਕ ਅਨੁਸਾਰ ਦੇਸ਼ 'ਚ ਹਰ ਸਾਲ ਕਰੀਬ 1.5 ਲੱਖ ਲੋਕ ਸੜਕ ਹਾਦਸਿਆਂ 'ਚ ਮਰਦੇ ਹਨ। ਹਰ 4 ਮਿੰਟ 'ਚ ਇੱਕ ਵਿਅਕਤੀ ਹਾਦਸੇ 'ਚ ਆਪਣੀ ਜਾਨ ਗੁਆ ਦਿੰਦਾ ਹੈ। ਇੱਕ ਅੰਕੜੇ ਅਨੁਸਾਰ ਹਾਦਸਿਆਂ 'ਚ ਮਰਨ ਵਾਲਿਆਂ 'ਚ ਜ਼ਿਆਦਾਤਰ ਦੋਪਹੀਆ ਵਾਹਨ ਸਵਾਰ ਹੀ ਸ਼ਾਮਲ ਹਨ।