ਅੰਮ੍ਰਿਤਸਰ: ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਅੱਜ ਪਾਕਿਸਤਾਨ ਭਾਰਤ ਹਵਾਲੇ ਕਰ ਰਿਹਾ ਹੈ ਪਰ ਸਪੁਰਦਗੀ ਦਾ ਸਮਾਂ ਨਿਸ਼ਚਿਤ ਨਾ ਹੋਣ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਬਾਰਡਰ 'ਤੇ ਰੋਜ਼ਾਨਾ ਹੋਣ ਵਾਲੀ ਰਿਟ੍ਰੀਟ ਸੈਰਮਨੀ ਰੱਦ ਕਰ ਦਿੱਤੀ ਗਈ ਹੈ। ਉੱਧਰ, ਪਾਕਿਸਤਾਨ ਵਾਲੇ ਹਿੱਸੇ 'ਚ ਇਹ ਪਰੇਡ ਰੱਦ ਨਹੀਂ ਕੀਤੀ ਗਈ ਹੈ ਅਤੇ ਆਮ ਵਾਂਗ ਕੀਤੀ ਜਾਵੇਗੀ।


ਮੀਡੀਆ ਨੂੰ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਡੀਸੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਦੀ ਬੀਟਿੰਗ ਰਿਟ੍ਰੀਟ ਸੈਰਮਨੀ ਨਹੀਂ ਕੀਤੀ ਜਾਵੇਗੀ। ਡੀਸੀ ਢਿੱਲੋਂ ਨੇ ਕਿਹਾ ਕਿ ਅਭਿਨੰਦਨ ਨੂੰ ਭਾਰਤ ਆਉਣ ਲਈ ਕੁਝ ਘੰਟੇ ਹੋਰ ਲੱਗ ਸਕਦੇ ਹਨ ਤੇ ਉਨ੍ਹਾਂ ਨੂੰ ਲੈਣ ਲਈ ਹਵਾਈ ਫ਼ੌਜ ਦੇ ਸੀਨੀਅਰ ਅਧਿਕਾਰੀ ਹੀ ਅੱਗੇ ਹੋਣਗੇ।

ਅਜਿਹੇ ਬਹੁਤ ਹੀ ਘੱਟ ਮੌਕੇ ਹੁੰਦੇ ਹਨ ਜਦ ਇਹ ਖ਼ਾਸ ਪਰੇਡ ਰੱਦ ਹੋ ਸਕੇ। ਜ਼ਾਹਰ ਹੈ ਕਿ ਸਰਕਾਰ ਤੇ ਸੁਰੱਖਿਆ ਬਲ ਲੋਕਾਂ ਦੇ ਜੋਸ਼ ਨੂੰ ਦੇਖਦੇ ਹੋਏ ਕੋਈ ਵੀ ਜ਼ੋਖ਼ਮ ਚੁੱਕਣਾ ਨਹੀਂ ਚਾਹੁੰਦੀ ਇਸ ਲਈ ਪਰੇਡ ਹੀ ਰੱਦ ਕਰ ਦਿੱਤੀ ਗਈ ਹੈ। ਅਭਿਨੰਦਨ ਸ਼ਾਮ ਹੋਣ ਤਕ ਭਾਰਤ ਪਰਤ ਆਵੇਗਾ।