ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਂਜੇ ਕਾਰੋਬਾਰੀ ਰਤੂਲ ਪੁਰੀ ਤੇ ਉਸ ਦੇ ਪਿਤਾ ਵਿਰੁੱਧ ਜਾਂਚ ਦੇ ਮਾਮਲੇ ਵਿੱਚ ਦਿੱਲੀ ਵਿੱਚ ਸਥਿਤ 300 ਕਰੋੜ ਰੁਪਏ ਦਾ ਬੰਗਲਾ ਤੇ ਮੌਰਿਸ਼ਸ ਦੀ ਇੱਕ ਕੰਪਨੀ ਤੋਂ 4 ਕਰੋੜ ਡਾਲਰ ਦੀ ਰਕਮ ਜ਼ਬਤ ਕੀਤੀ ਹੈ।


ਵਿਭਾਗ ਨੇ ਦੱਸਿਆ ਕਿ ਬੇਨਾਮੀ ਪ੍ਰਾਪਰਟੀ ਟ੍ਰਾਂਜੈਕਸ਼ਨ ਪ੍ਰੋਹਿਬਿਸ਼ਨ ਐਕਟ, 1988 ਦੀ ਧਾਰਾ 24 (ਤਿੰਨ) ਦੇ ਤਹਿਤ ਪੁਰੀ ਵਿਰੁੱਧ ਜ਼ਬਤ ਕਰਨ ਦਾ ਅਸਥਾਈ ਹੁਕਮ ਜਾਰੀ ਕੀਤਾ ਗਿਆ ਸੀ। ਇਹ ਕਾਨੂੰਨ ਲਾਗੂ ਨਹੀਂ ਹੋਇਆ ਸੀ ਤੇ ਮੋਦੀ ਸਰਕਾਰ ਨੇ ਨਵੰਬਰ 2016 ਤੋਂ ਇਸ ਨੂੰ ਲਾਗੂ ਕੀਤਾ ਸੀ। ਇਨਕਮ ਟੈਕਸ ਵਿਭਾਗ ਨੇ ਪਿਛਲੇ ਮਹੀਨੇ ਪੁਰੀ ਦੇ 254 ਕਰੋੜ ਰੁਪਏ ਦੇ 'ਬੇਨਾਮੀ' ਸ਼ੇਅਰ ਜ਼ਬਤ ਕੀਤੇ ਸਨ। ਦੱਸਿਆ ਜਾਂਦਾ ਹੈ ਕਿ ਉਸ ਨੇ ਕਥਿਤ ਤੌਰ 'ਤੇ ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਮਾਮਲੇ ਵਿੱਚ ਪ੍ਰੌਕਸੀ ਕੰਪਨੀਆਂ ਦੇ ਰਾਹੀਂ ਇੱਕ ਸ਼ੱਕੀ ਤੋਂ ਇਹ ਰਕਮ ਪ੍ਰਾਪਤ ਕੀਤੀ ਸੀ।


ਯਾਦ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ ਵੀ 3600 ਕਰੋੜ ਰੁਪਏ ਦੇ ਵੀਵੀਆਈਪੀ ਹੈਲੀਕਾਪਟਰ ਜਾਂਚ ਕੇਸ ਵਿੱਚ ਹਿੰਦੁਸਤਾਨ ਪਾਵਰ ਪ੍ਰੋਜੈਕਟਜ਼ ਪ੍ਰਾਈਵੇਟ (ਐਚਪੀਪੀ) ਲਿਮਟਿਡ ਦੇ ਚੇਅਰਮੈਨ ਪੁਰੀ ਦੀ ਜਾਂਚ ਕਰ ਰਿਹਾ ਹੈ ਤੇ ਕੇਂਦਰੀ ਏਜੰਸੀ ਨੇ ਹਾਲ ਹੀ ਵਿੱਚ ਇੱਕ ਸਥਾਨਕ ਅਦਾਲਤ ਤੋਂ ਉਸ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਵਾਏ ਸੀ।