ਬੈਂਗਲੁਰੂ : ਸਖ਼ਤ ਮਿਹਨਤ ਦੇ ਦੌਰਾਨ ਇੱਕ ਛੋਟੀ ਜਿਹੀ ਝਪਕੀ ਸਰੀਰ ਨੂੰ ਦੁਬਾਰਾ ਊਰਜਾ ਨਾਲ ਭਰ ਦਿੰਦੀ ਹੈ ਅਤੇ ਇਹ ਨੌਕਰੀ ਕਰਨ ਵਾਲੇ ਲੋਕਾਂ ਲਈ ਇੱਕ ਜ਼ਰੂਰਤ ਵੀ ਹੈ। ਬੈਂਗਲੁਰੂ ਸਥਿਤ ਇੱਕ ਸਟਾਰਟ-ਅੱਪ ਨੇ ਅਧਿਕਾਰਤ ਤੌਰ 'ਤੇ ਕੰਮ ਦੇ ਦਿਨ ਦੌਰਾਨ ਆਪਣੇ ਕਰਮਚਾਰੀਆਂ ਨੂੰ ਸੌਣ ਲਈ 30 ਮਿੰਟ ਦੀ ਬ੍ਰੇਕ ਦੇਣ ਦਾ ਐਲਾਨ ਕੀਤਾ ਹੈ।
ਵੀਰਵਾਰ ਨੂੰ ਵੇਕਫਿਟ ਸਲਿਊਸ਼ਨਜ਼ ਨੇ ਟਵਿੱਟਰ 'ਤੇ ਦੋ ਫੋਟੋਆਂ ਦੇ ਨਾਲ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਰਾਈਟ ਟੂ 'ਨੈਪ ਅਤੇ ਉਸ ਸਮੇਂ ਦਾ ਜ਼ਿਕਰ ਕੀਤਾ ਹੈ , ਜਦੋਂ ਕਰਮਚਾਰੀ ਝਪਕੀ ਲੈ ਸਕਦੇ ਹਨ। ਪੋਸਟ ਦੇ ਅਨੁਸਾਰ ਵੇਕਫਿਟ ਦੇ ਸਹਿ-ਸੰਸਥਾਪਕ ਚੈਤਨਿਆ ਰਾਮਲਿੰਗਗੌੜਾ ਨੇ ਹਾਲ ਹੀ ਵਿੱਚ ਸਹਿਕਰਮੀਆਂ ਨੂੰ ਇੱਕ ਅੰਦਰੂਨੀ ਈਮੇਲ ਭੇਜੀ, ਜਿਸ ਵਿੱਚ ਘੋਸ਼ਣਾ ਕੀਤੀ ਗਈ ਕਿ ਕਰਮਚਾਰੀ ਹੁਣ ਦੁਪਹਿਰ 2 ਵਜੇ ਤੋਂ 2.30 ਵਜੇ ਦੇ ਵਿਚਕਾਰ ਝਪਕੀ ਲੈ ਸਕਦੇ ਹਨ।
ਉਸ ਨੇ ਮੇਲ ਵਿੱਚ ਕਿਹਾ, 'ਅਸੀਂ ਹਮੇਸ਼ਾ ਆਰਾਮ ਨੂੰ ਤਰਜੀਹ ਦਿੱਤੀ ਹੈ ਅਤੇ ਹੁਣ 30 ਮਿੰਟ ਦੀ ਛੋਟੀ ਝਪਕੀ ਫਾਇਦੇਮੰਦ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਨਾਸਾ ਦਾ ਅਧਿਐਨ ਤੋਂ ਪਤਾ ਲੱਗਾ ਹੈ ਕਿ 26-ਮਿੰਟ ਦਾ ਕੈਟਨੈਪ ਪ੍ਰਦਰਸ਼ਨ ਨੂੰ 33% ਤੱਕ ਵਧਾ ਸਕਦਾ ਹੈ, ਜਦੋਂ ਕਿ ਇੱਕ ਹਾਰਵਰਡ ਅਧਿਐਨ ਦਰਸਾਉਂਦਾ ਹੈ ਕਿ ਨੀਂਦ ਮਨ ਨੂੰ ਸਥਿਰ ਕਰਨ ਵਿੱਚ ਕਿਵੇਂ ਮਦਦ ਕਰ ਸਕਦੀ ਹੈ।
ਕੰਪਨੀ ਨੇ ਟਵਿੱਟਰ 'ਤੇ ਇਹ ਵੀ ਐਲਾਨ ਕੀਤਾ ਹੈ ਕਿ ਕਰਮਚਾਰੀਆਂ ਨੂੰ ਹਰ ਰੋਜ਼ ਦੁਪਹਿਰ 2:00 ਵਜੇ ਤੋਂ 2:30 ਵਜੇ ਤੱਕ 30 ਮਿੰਟਾਂ ਲਈ ਨੀਂਦ ਲੈਣ ਦਾ ਅਧਿਕਾਰ ਹੋਵੇਗਾ ਅਤੇ ਇਸ ਦੌਰਾਨ ਸਾਰੇ ਕਰਮਚਾਰੀਆਂ ਨੂੰ ਕੰਮ ਤੋਂ ਦੂਰ ਰੱਖਿਆ ਜਾਵੇਗਾ। ਕੰਪਨੀ ਨੇ ਅੱਗੇ ਲਿਖਿਆ ਕਿ ਉਹ ਦਫਤਰ ਵਿੱਚ ਆਰਾਮਦਾਇਕ ਨੈਪ ਪੌਡ ਅਤੇ ਸ਼ਾਂਤ ਕਮਰੇ ਬਣਾਉਣ ਲਈ ਵੀ ਕੰਮ ਕਰ ਰਹੇ ਹਨ ਤਾਂ ਜੋ ਕਰਮਚਾਰੀਆਂ ਲਈ ਸਹੀ ਨੀਂਦ ਦਾ ਮਾਹੌਲ ਬਣਾਇਆ ਜਾ ਸਕੇ।