Bharat Band: ਅੱਜ ‘ਭਾਰਤ ਬੰਦ’ ਰਹੇਗਾ। ਭਾਰਤ ਬੰਦ ਦੇ ਸੱਦੇ ਨੂੰ ਦੇਸ਼ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਹਮਾਇਤ ਦਿੱਤੀ ਜਾ ਰਹੀ ਹੈ। ਭਾਰਤ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ, 10 ਕੇਂਦਰੀ ਮਜ਼ਦੂਰ ਜਥੇਬੰਦੀਆਂ ਤੇ ਮੁਲਾਜ਼ਮ ਯੂਨੀਅਨਾਂ ਦੀ ਫੈਡਰੇਸ਼ਨ ਨੇ 16 ਫਰਵਰੀ ਨੂੰ ਪੇਂਡੂ ਭਾਰਤ ਬੰਦ ਦੇ ਸਮਰਥਨ ਵਿੱਚ ਰੋਡਵੇਜ਼ ਦੀਆਂ ਬੱਸਾਂ ਨੂੰ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਫਲਾਂ, ਸਬਜ਼ੀਆਂ ਤੇ ਦੁੱਧ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।


ਕਿਸਾਨ ਲੀਡਰਾਂ ਮੁਤਾਬਕ ਦੇਸ਼ ਵਿੱਚ ਕਿਸਾਨੀ ਨੂੰ ਬਚਾਉਣ ਲਈ ਤੇ ਪੂੰਜੀਪਤੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ‘ਭਾਰਤ ਬੰਦ’ ਦੇ ਸੱਦੇ ਤਹਿਤ ਦੇਸ਼ ਭਰ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਸਾਰੀਆਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੇ ਸੜਕੀ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਰਹੇਗੀ। ਇਸ ਦੇ ਨਾਲ ਹੀ ਪਿੰਡਾਂ ਵਿੱਚੋਂ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਸਬਜ਼ੀਆਂ, ਫਲਾਂ ਤੇ ਹੋਰਨਾਂ ਵਸਤੂਆਂ ਦੀ ਸਪਲਾਈ ਵੀ ਬੰਦ ਰਹੇਗੀ।



 ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ‘ਭਾਰਤ ਬੰਦ’ ਦੇ ਸੱਦੇ ਤਹਿਤ ਖੇਤੀਬਾੜੀ ਨਾਲ ਸਬੰਧਤ ਸਾਰੀਆਂ ਸਰਗਰਮੀਆਂ, ਮਨਰੇਗਾ ਦੇ ਕੰਮ ਤੇ ਹੋਰ ਸਾਰੇ ਪੇਂਡੂ ਕੰਮ ਵੀ ਬੰਦ ਰਹਿਣਗੇ। ਸੰਯੁਕਤ ਕਿਸਾਨ ਮੋਰਚਾ ਵੱਲੋਂ ਅੰਦੋਲਨ ਦੀ ਅਗਲੀ ਰਣਨੀਤੀ ਉਲੀਕਣ ਲਈ 18 ਫਰਵਰੀ ਨੂੰ ਲੁਧਿਆਣਾ ਵਿੱਚ ਮੀਟਿੰਗ ਸੱਦੀ ਗਈ ਹੈ।


ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਚੱਕਾ ਜਾਮ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਐਂਬੂਲੈਂਸ, ਮੌਤ, ਵਿਆਹ, ਮੈਡੀਕਲ ਦੁਕਾਨਾਂ, ਅਖ਼ਬਾਰਾਂ ਦੀ ਸਪਲਾਈ, ਬੋਰਡ ਪ੍ਰੀਖਿਆਵਾਂ, ਹਵਾਈ ਅੱਡੇ ਤੱਕ ਜਾਣ ਵਾਲੇ ਯਾਤਰੀ ਤੇ ਹੋਰਨਾਂ ਐਮਰਜੈਂਸੀ ਸੇਵਾਵਾਂ ਨੂੰ ਬਹਾਲ ਰੱਖਿਆ ਜਾਵੇਗਾ।



ਉਧਰ, ਪੰਜਾਬ ਦੇ ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਚੌਥਾ ਦਿਨ ਹੈ। ਹੁਣ ਹਰਿਆਣਾ ਵਿੱਚ ਵੀ ਕਿਸਾਨਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਗਈ ਹੈ। ਬੀਕੇਯੂ (ਚੜੂਨੀ) ਦੇ ਵਰਕਰ ਅੱਜ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਹਰਿਆਣਾ ਦੇ ਸਾਰੇ ਟੋਲ ਫਰੀ ਕਰਨਗੇ।


ਭਾਰਤ ਬੰਦ ਦੌਰਾਨ ਚਾਲੂ ਰਹਿਣਗੀਆਂ ਇਹ ਸੇਵਾਵਾਂ



  • ਸਰਕਾਰੀ ਸਕੂਲ, ਪ੍ਰਾਈਵੇਟ ਸਕੂਲ, ਬੈਂਕ, ਪੈਟਰੋਲ ਪੰਪ, ਗੈਸ ਏਜੰਸੀ ਡਾਕਖਾਨਾ, ਡੀਸੀ ਦਫ਼ਤਰ, ਨਗਰ ਨਿਗਮ, ਨਗਰ ਕੌਂਸਲ, ਦੁਕਾਨਾਂ, ਬਾਜ਼ਾਰ, ਸੁਵਿਧਾ ਕੇਂਦਰ, ਆਮ ਆਦਮੀ ਕਲੀਨਿਕ, ਹਸਪਤਾਲ, ਅਦਾਲਤਾਂ, ਕਰਮਚਾਰੀ ਸੰਗਠਨ ਰੇਲ ਸੇਵਾ ਆਦਿ।


ਭਾਰਤ ਬੰਦ ਦੌਰਾਨ ਇਹ ਸੇਵਾਵਾਂ ਰਹਿਣਗੀਆਂ ਠੱਪ



  • ਸਰਕਾਰੀ ਬੱਸਾਂ, ਪ੍ਰਾਈਵੇਟ ਬੱਸਾਂ, ਲਿੰਕ ਸੜਕਾਂ, ਹਾਈਵੇਅ ਤੇ
    ਨੈਸ਼ਨਲ ਹਾਈਵੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।