ਨਵੀਂ ਦਿੱਲੀ: 2 ਅਪ੍ਰੈਲ ਨੂੰ ਦਲਿਤਾਂ ਦੇ ਭਾਰਤ ਬੰਦ ਖਿਲਾਫ ਅੱਜ ਜਨਰਲ ਤੇ ਓ.ਬੀ.ਸੀ. ਵਰਗ ਵੱਲੋਂ ਅੱਜ ਕਥਿਤ ਭਾਰਤ ਬੰਦ ਕੀਤਾ ਗਿਆ ਹੈ। ਇਸ ਭਾਰਤ ਬੰਦ ਦਾ ਸੱਦਾ ਸੋਸ਼ਲ ਮੀਡੀਆ ਜ਼ਰੀਏ ਦਿੱਤਾ ਗਿਆ ਸੀ। ਕੋਈ ਇਕੱਲਾ ਸੰਗਠਨ ਜਾਂ ਨੇਤਾ ਇਸ ਦੀ ਅਗਵਾਈ ਨਹੀਂ ਕਰ ਰਿਹਾ। ਕੇਂਦਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਹਾਲਾਤ ਵਿਗੜਣ ਦਾ ਖ਼ਦਸ਼ਾ ਹੈ। ਹਾਲੇ ਤਕ ਪੰਜਾਬ ਵਿੱਚ ਸਥਿਤੀ ਆਮ ਵਾਂਗ ਹੈ ਤੇ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲ ਰਿਹਾ ਹੈ।
2 ਅਪ੍ਰੈਲ ਨੂੰ ਦਲਿਤਾਂ ਵੱਲੋਂ ਸੱਦੇ ਭਾਰਤ ਬੰਦ ਦੌਰਾਨ ਹਿੰਸਾ ’ਚ ਵੱਖ-ਵੱਖ ਥਾਈਂ ਕਰੀਬ 10 ਜਣਿਆਂ ਦੀ ਮੌਤ ਹੋ ਗਈ ਸੀ। ਇਸ ਨੂੰ ਵੇਖਦਿਆਂ ਹੋਇਆਂ ਪ੍ਰਸ਼ਾਸਨ ਅਜਿਹੀ ਘਟਨਾ ਲਈ ਪਹਿਲਾਂ ਹੀ ਤਿਆਰ ਹੈ।
ਅੱਜ ਦੇ ਇਸ ਕਥਿਤ ਬੰਦ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਅਲਰਟ ਜਾਰੀ ਕੀਤਾ ਹੈ। ਗ੍ਰਹਿ ਮੰਤਰਾਲੇ ਦੀ ਐਡਵਾਇਜ਼ਰੀ ’ਚ ਇਹ ਵੀ ਕਿਹਾ ਗਿਆ ਹੈ ਕਿ ਕਿਤੇ ਵੀ ਹੋਣ ਵਾਲੀ ਹਿੰਸਾ ਲਈ ਉੱਥੋਂ ਦੇ ਡੀ.ਐਮ. ਅਤੇ ਐਸ.ਪੀ. ਸਿੱਧੇ ਜ਼ਿੰਮੇਦਾਰ ਹੋਣਗੇ। ਪਿਛਲੀ ਵਾਰ ਵਾਪਰੀਆਂ ਘਟਨਾਵਾਂ ਨੂੰ ਵੇਖਦਿਆਂ ਮੱਧ ਪ੍ਰਦੇਸ਼, ਯੂਪੀ ਤੇ ਰਾਜਸਥਾਨ ਨੂੰ ਖਾਸ ਚੇਤਾਵਨੀ ਦਿੱਤੀ ਗਈ ਹੈ। ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਅੱਜ ਕਰਫਿਊ ਲੱਗਾ ਹੈ ਤੇ ਇੰਟਰਨੈਟ ਸੇਵਾ ਵੀ ਬੰਦ ਹੈ। ਕਈ ਜ਼ਿਲ੍ਹਿਆਂ ਵਿੱਚ 144 ਧਾਰਾ ਵੀ ਲਾਗੂ ਕੀਤੀ ਗਈ ਹੈ। 2 ਅਪ੍ਰੈਲ ਦੇ ਬੰਦ ਵਿੱਚ ਸਭ ਤੋਂ ਵੱਧ ਹਿੰਸਾ ਮੱਧ ਪ੍ਰਦੇਸ਼ ’ਚ ਹੋਈ ਸੀ।