ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਬੀਤੇ ਕੱਲ੍ਹ ਹੋਏ ਦਰਦਨਾਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ। ਮ੍ਰਿਤਕਾਂ ਵਿੱਚ 29 ਬੱਚੇ, ਦੋ ਅਧਿਆਪਕ ਅਤੇ ਬੱਸ ਦਾ ਚਾਲਕ ਤੇ ਕੰਡਕਟਰ ਵੀ ਸ਼ਾਮਲ ਹਨ। ਸੂਬੇ ਦੇ ਮੁੱਖ ਮੰਤਰੀ ਨੇ ਮ੍ਰਿਤਕਾਂ ਲਈ 5-5 ਲੱਖ ਦੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ। ਹਾਦਸੇ 'ਤੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


[embed]https://twitter.com/PMOIndia/status/983357672190701568[/embed]

ਹਿਮਾਚਲ ਦੇ ਨੂਰਪੁਰ ਇਲਾਕੇ ਵਿੱਚ ਬੀਤੀ ਸ਼ਾਮ ਵਜ਼ੀਰ ਰਾਮ ਸਿੰਘ ਪਠਾਨੀਆ ਸਕੂਲ ਦੀ ਬੱਸ ਪਿੰਡ ਚੇਲੀ ਕੋਲ 200 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ ਸੀ। ਇਸੇ ਪਿੰਡ ਦੇ ਲੋਕਾਂ ਦੀ ਹਿੰਮਤ ਸਦਕਾ ਹਾਦਸੇ ਦਾ ਸ਼ਿਕਾਰ ਹੋਏ 11 ਬੱਚੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਜੇਕਰ ਉਨ੍ਹਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਦੀ ਤਾਂ ਉਨ੍ਹਾਂ ਲਈ ਵੀ ਇਹ ਹਾਦਸਾ ਜਾਨਲੇਵਾ ਸਾਬਤ ਹੋ ਸਕਦਾ ਸੀ। ਸਭ ਤੋਂ ਦਰਦਨਾਕ ਗੱਲ ਇਹ ਰਹੀ ਕਿ ਜ਼ਿਆਦਾਤਰ ਬੱਚੇ ਦਾਖਲੇ ਤੋਂ ਬਾਅਦ ਪਹਿਲੇ ਹੀ ਦਿਨ ਸਕੂਲ ਗਏ ਸਨ ਤੇ ਘਰਾਂ ਨੂੰ ਵਾਪਸ ਪਰਤ ਨਾ ਸਕੇ।

ਕਿਵੇਂ ਵਾਪਰਿਆ ਹਾਦਸਾ?

ਕਾਂਗੜਾ ਦੇ ਨੂਰਪੁਰ ਇਲਾਕੇ ਵਿੱਚ ਬੀਤੀ ਸ਼ਾਮ ਸਾਢੇ ਕੁ ਚਾਰ ਵਜੇ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਬੱਸ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਚੇਲੀ ਪਿੰਡ ਕੋਲ ਇੱਕ ਤੰਗ ਰਸਤੇ 'ਤੇ ਮੋਟਰਸਾਈਕਲ ਨੂੰ ਰਾਸਤਾ ਦਿੰਦੇ ਹੋਏ ਬੱਸ ਚਾਲਕ ਕੰਟਰੋਲ ਗੁਆ ਬੈਠਾ ਤੇ ਬੱਸ 200 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਕੌਮੀ ਆਫ਼ਤ ਰਾਹਤ ਬਲ ਦੀਆਂ ਟੀਮਾਂ ਨੇ ਬੜੀ ਮੁਸ਼ੱਕਤ ਨਾਲ ਕਟਰ ਨਾਲ ਬੱਸ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਮੁੱਖ ਮੰਤਰੀ ਨੇ ਹਾਦਸੇ ਦੇ ਕਾਰਨਾਂ ਦੀ ਨਿਆਂਇਕ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।