Bharat Jodo Yatra: ‘ਭਾਰਤ ਜੋੜੋ ਯਾਤਰਾ’ ਅੱਜ ਹਰਿਆਣਾ ਵਿੱਚ ਦਾਖਲ ਹੋ ਗਈ ਹੈ। ਇਹ ਯਾਤਰਾ ਰਾਤ ਲਈ ਅਲਵਰ ਵਿੱਚ ਰੁਕੀ ਤੇ ਅੱਜ ਸਵੇਰੇ ਨੂਹ ਜ਼ਿਲ੍ਹੇ ਤੋਂ ਹਰਿਆਣਾ ਵਿੱਚ ਦਾਖਲ ਹੋਈ। ਹਰਿਆਣਾ ਵਿੱਚ ਇਹ ਦੋ ਗੇੜਾਂ ਵਿੱਚ ਹੋਵੇਗੀ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੱਸਿਆ ਕਿ ਰਾਹੁਲ ਗਾਂਧੀ ਅੱਜ ਹਰਿਆਣਾ ਦੇ ਸਾਬਕਾ ਸੈਨਿਕਾਂ ਤੇ ਕਿਸਾਨ ਆਗੂਆਂ ਨਾਲ ਮੁਲਾਕਾਤ ਕਰਨਗੇ।

ਦੱਸ ਦਈਏ ਕਿ ਮੰਗਲਵਾਰ ਨੂੰ ਕਾਂਗਰਸ ਲੀਡਰ ਰਾਹੁਲ ਗਾਂਧੀ ਦੀ ਅਗਵਾਈ ਵਿੱਚ ‘ਭਾਰਤ ਜੋੜੋ ਯਾਤਰਾ’ ਦਾ ਰਾਜਸਥਾਨ ਦਾ ਪੜਾਅ ਮੁਕੰਮਲ ਹੋ ਗਿਆ। ਕਾਂਗਰਸ ਸ਼ਾਸਿਤ ਰਾਜਸਥਾਨ ਵਿੱਚ ਪਾਰਟੀ ਨੇ 15 ਦਿਨਾਂ ’ਚ ਕਰੀਬ 485 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ। ਰਾਜਸਥਾਨ ਵਿੱਚ ਯਾਤਰਾ ਝਾਲਾਵਾੜ ਤੋਂ 5 ਦਸੰਬਰ ਨੂੰ ਸ਼ੁਰੂ ਹੋਈ ਸੀ। ਇਹ ਸੂਬੇ ਦੇ ਕੋਟਾ, ਬੂੰਦੀ, ਸਵਾਈ ਮਾਧੋਪੁਰ, ਦੌਸਾ ਤੇ ਅਲਵਰ ਜ਼ਿਲ੍ਹਿਆਂ ਵਿਚੋਂ ਗੁਜ਼ਰੀ।

ਹਰਿਆਣਾ ਯਾਤਰਾ ਦੇ ਪਹਿਲੇ ਗੇੜ ਤੋਂ ਬਾਅਦ ਰਾਹੁਲ ਗਾਂਧੀ ਪਾਰਟੀ ਦੇ ਹੋਰਾਂ ਆਗੂਆਂ ਤੇ ਸਮਰਥਕਾਂ ਦੇ ਨਾਲ 24 ਦਸੰਬਰ ਦੀ ਰਾਤ ਨੂੰ ਦਿੱਲੀ ਪਹੁੰਚਣਗੇ। ਇਸ ਤੋਂ ਬਾਅਦ ਯਾਤਰਾ ਨੌਂ ਦਿਨਾਂ ਲਈ ਰੁਕੇਗੀ। ਇਸ ਦੌਰਾਨ ‘ਭਾਰਤ ਯਾਤਰੀ’ ਆਪੋ-ਆਪਣੇ ਸੂਬਿਆਂ ਨੂੰ ਪਰਤਣਗੇ। ਯਾਤਰਾ ਲਈ ਵਰਤੇ ਜਾ ਰਹੇ ਕਰੀਬ 70 ਕੰਟੇਨਰਾਂ ਦੀ ਮੁਰੰਮਤ ਵੀ ਹੋਵੇਗੀ। ਠੰਢ ਦੇ ਮੱਦੇਨਜ਼ਰ ਇਨ੍ਹਾਂ ਵਿੱਚ ਜ਼ਰੂਰੀ ਬਦਲਾਅ ਕੀਤੇ ਜਾਣਗੇ।

ਅੱਜ ਸੀਨੀਅਰ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ, ਰਣਦੀਪ ਸਿੰਘ ਸੁਰਜੇਵਾਲਾ, ਕੁਮਾਰੀ ਸ਼ੈਲਜਾ, ਦੀਪੇਂਦਰ ਸਿੰਘ ਹੁੱਡਾ ਤੇ ਹੋਰ ਲੀਡਰ ਹਾਜ਼ਰ ਰਹਿਣਗੇ। ਪਾਰਟੀ ਦੇ ਨਵ-ਨਿਯੁਕਤ ਸੂਬਾ ਇੰਚਾਰਜ ਸ਼ਕਤੀਸਿੰਹ ਗੋਹਿਲ ਕਈ ਦਿਨਾਂ ਤੋਂ ਯਾਤਰਾ ਬਾਰੇ ਮੀਟਿੰਗਾਂ ਕਰ ਰਹੇ ਹਨ। ਯਾਤਰਾ ਦਾ ਪਹਿਲਾ ਗੇੜ 23 ਦਸੰਬਰ ਤੱਕ ਚੱਲੇਗਾ।

ਨੂਹ ਤੋਂ ਚੱਲ ਕੇ ਅਗਲੇ ਦਿਨਾਂ ਦੌਰਾਨ ਯਾਤਰਾ ਗੁਰੂਗ੍ਰਾਮ ਤੇ ਫਰੀਦਾਬਾਦ ਜ਼ਿਲ੍ਹਿਆਂ ਵਿਚ ਪਹੁੰਚੇਗੀ। ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਚੌਧਰੀ ਨੇ ਦੱਸਿਆ ਕਿ 24 ਨੂੰ ਯਾਤਰਾ ਦੇ ਦਿੱਲੀ ਵਿੱਚ ਦਾਖਲ ਹੋਣ ਮੌਕੇ ਇਸ ਨਾਲ 25 ਹਜ਼ਾਰ ਲੋਕ ਜੁੜਨਗੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਵਰਕਰ ਜਾਂ ਪਾਰਟੀ ਮੈਂਬਰ ਨਹੀਂ ਹਨ ਪਰ ਵੱਖ-ਵੱਖ ਪਿਛੋਕੜਾਂ ਵਾਲੇ ਲੋਕ ਹਨ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।