ਭੋਪਾਲ: ਬਿਹਾਰ ਦੇ ਮੁਜ਼ੱਫਰਨਗਰ ਤੇ ਫਿਰ ਯੂਪੀ ਦੇ ਦੇਵਰਿਆ, ਹਰਦੋਈ ਤੇ ਪ੍ਰਤਾਪਗੜ੍ਹ ਵਿੱਚ ਬਾਲਿਕਾ ਗ੍ਰਹਿ ਵਿੱਚ ਬੱਚੀਆਂ ਨਾਲ ਜਿਣਸੀ ਸੋਸ਼ਣ ਦੇ ਮਾਮਲਿਆਂ ਮਗਰੋਂ ਹੁਣ ਮੱਧ ਪ੍ਰਦੇਸ਼ ’ਚ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ। ਸੂਬੇ ਦੀ ਰਾਜਧਾਨੀ ਭੋਪਾਲ ਵਿੱਚ ਬਾਲੜੀਆਂ ਲਈ ਚਲਾਏ ਜਾਂਦੇ ਹੋਸਟਲ ਵਿੱਚ ਅਪਾਹਜ ਕੁੜੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਹੋਸਟਲ ਦੇ ਸੰਚਾਲਕ  ਨੂੰ ਗ੍ਰਿਫਤਾਰ ਕਰ ਲਿਆ ਹੈ।

19 ਸਾਲਾਂ ਦੀ ਸੁਣਨ ਤੇ ਬੋਲਣ ਤੋਂ ਅਸਮਰਥ ਇੱਕ ਆਦਿਵਾਸ ਲੜਕੀ ਸਰਕਾਰ ਵੱਲੋਂ ਚਲਾਏ ਜਾਂਦੇ ਇਸ ਸ਼ੈਲਟਰ ਹੋਮ ਵਿੱਚ ਰਹਿ ਰਹੀ ਸੀ। ਮਹੀਨਿਆਂ ਤਕ ਜਿਣਸੀ ਸੋਸ਼ਣ ਸਹਿ ਰਹੀ ਲੜਕੀ ਨਾਲ ਹੋਸਟਲ ਵਿੱਚ ਰਹਿਣ ਵਾਲੀ ਸਾਥਣ ਨੇ ਪੀੜਤਾ ਦੇ ਘਰ ਵਾਲਿਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਉਸ ਨੇ ਪਰਿਵਾਰ ਨੂੰ ਕਿਹਾ ਕਿ ਉਹ ਉਸ ਨੂੰ ਬਚਾਅ ਲੈਣ।

ਇਸ ਪਿੱਛੋਂ ਲੜਕੀ ਦਾ ਭਰਾ ਉਸ ਨੂੰ ਸ਼ੈਲਟਰ ਹੋਮ ਤੋਂ ਘਰ ਵਾਪਸ ਲੈ ਗਿਆ। ਇਸ ਦੇ ਬਾਅਦ ਪਰਿਵਾਰ ਵਾਲਿਆਂ ਨੂੰ ਕੁੜੀ ਦੀ ਕਿਸੇ ਗੱਲ ਦੀ ਸਮਝ ਨਹੀਂ ਆਈ ਤਾਂ ਉਹ ਉਸ ਨੂੰ ਇੰਦੌਰ ਦੇ ਤੁਕੋਗੰਜ ਸਥਿਤ ਗੁੰਗੇ-ਬੋਲ਼ੇ ਸਹਾਇਤਾ ਕੇਂਦਰ ਲੈ ਗਏ, ਜਿੱਥੇ ਉਸ ਨੇ ਸਾਈਨ ਲੈਂਗਵੇਜ ਵਿੱਚ ਆਪਣੀ ਹੱਡਬੀਤੀ ਸੁਣਾਈ।

ਇਸ ਪਿੱਛੋਂ ‘ਜ਼ੀਰੋ ਆਫਆਈਆਰ’ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸ ਕੇਸ ਦੀ ਜਾਂਚ ਭੋਪਾਲ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਨੇ 36 ਸਾਲ ਦੇ ਸ਼ੈਲਟਰ ਹੋਮ ਦੇ ਸੰਚਾਲਕ ਅਸ਼ਵਨੀ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਭੋਪਾਲ ਦੇ ਡੀਆਈਜੀ ਦਰਮਿੰਦਰ ਚੌਧਰੀ ਨੇ ਦੱਸਿਆ ਕਿ ਪੀੜਤਾ ਨੇ 2016 ਵਿੱਚ ਆਈਟੀਆਈ ਭੋਪਾਲ ਵਿੱਚ ਦਾਖਲਾ ਲਿਆ ਸੀ ਤੇ ਇਸ ਦੇ ਬਾਅਦ ਉਹ ਇਸ ਹੋਸਟਲ ਵਿੱਚ ਰਹਿਣ ਆਈ ਸੀ। ਪੀੜਤਾ ਨੇ ਬਿਆਨ ਵਿੱਚ ਦੱਸਿਆ ਕਿ 2017 ਦੀ ਦਿਵਾਲੀ ਤੋਂ ਹੀ ਹੋਸਟਲ ਸੰਚਾਲਕ ਅਸ਼ਵਨੀ ਸ਼ਰਮਾ ਉਸ ਨਾਲ ਬਦਤਮੀਜ਼ੀ ਕਰਦਾ ਆ ਰਿਹਾ ਹੈ।

24 ਦਸੰਬਰ, 2017 ਨੂੰ ਸ਼ਰਮਾ ਲੜਕੀ ਨੂੰ ਹੋਸਟਲ ਦੇ ਕਮਰੇ ਵਿੱਚ ਲੈ ਗਿਆ ਤੇ ਉਸ ਦਾ ਬਲਾਤਕਾਰ ਕੀਤਾ। ਇਸ ਦੌਰਾਨ ਹੋਸਟਲ ਦੀ ਦੂਜੀ ਕੁੜੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਸ਼ਰਮਾ ਨੇ ਉਸ ਨੂੰ ਧੱਕਾ ਦੇ ਦਿੱਤਾ। ਇਸ ਦੇ ਬਾਅਦ ਸ਼ਰਮਾ ਨੇ ਕਈ ਵਾਰ ਉਸ ਦਾ ਬਲਾਤਕਾਰ ਕੀਤਾ ਤੇ ਜਦੋਂ ਲੜਕੀ ਮਨ੍ਹਾ ਕਰਦੀ ਸੀ ਤਾਂ ਉਹ ਉਸ ਨੂੰ ਡਰਾ ਧਮਕਾ ਕੇ ਚੁੱਪ ਕਰਾ ਦਿੰਦਾ ਸੀ।