Aam Aadmi Party: ਦੇਸ਼ ਦੀ ਸਿਆਸਤ ਵਿੱਚ ਕਾਂਗਰਸ ਦੇ ਬਲਦ ਵਜੋਂ ਉਭਰਣ ਦਾ ਆਮ ਆਦਮੀ ਪਾਰਟੀ ਦਾ ਸੁਫਨਾ ਟੁੱਟ ਗਿਆ ਹੈ। ਪੰਜਾਬ ਤੇ ਦਿੱਲੀ ਨੂੰ ਛੱਡ ਦੇਸ਼ ਦੇ ਦੂਜੇ ਸੂਬਿਆਂ ਦੇ ਲੋਕ ਆਮ ਆਦਮੀ ਪਾਰਟੀ ਦੀ ਸਿਆਸਤ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਹਨ। ਆਮ ਆਦਮੀ ਪਾਰਟੀ ਨੇ ਹੁਣ ਤੱਕ ਕਈ ਸੂਬਿਆਂ ਵਿੱਚ ਚੋਣਾਂ ਲੜੀਆਂ ਪਰ ਕੋਈ ਵੱਡੀ ਸਫਲਤਾ ਨਹੀਂ ਮਿਲੀ। ਸਭ ਤੋਂ ਵੱਡਾ ਝਟਕਾ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਲੱਗਾ ਹੈ। ਇੱਥੇ ਆਮ ਆਦਮੀ ਪਾਰਟੀ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਮਿਲੀਆਂ।


ਹਾਸਲ ਜਾਣਕਾਰੀ ਮੁਤਾਬਕ ਤਿੰਨੇ ਸੂਬਿਆਂ ਨਤੀਜਿਆਂ ਅਨੁਸਾਰ ਮੱਧ ਪ੍ਰਦੇਸ਼ ਵਿੱਚ ‘ਆਪ’ ਨੂੰ 0.51 ਫ਼ੀਸਦ ਵੋਟਾਂ ਪਈਆਂ, ਜਦਕਿ ਨੋਟਾ ਨੂੰ 0.98 ਫ਼ੀਸਦ ਵੋਟ ਪਈ। ਛੱਤੀਸਗੜ੍ਹ ਵਿੱਚ ‘ਆਪ’ ਨੂੰ 0.93 ਫ਼ੀਸਦ ਤੇ ਨੋਟਾ ਨੂੰ 1.26 ਫ਼ੀਸਦ ਤੇ ਰਾਜਸਥਾਨ ਵਿੱਚ ‘ਆਪ’ ਨੂੰ 0.38 ਫ਼ੀਸਦ ਤੇ ਨੋਟਾ ਨੂੰ 0.96 ਫ਼ੀਸਦ ਵੋਟਾਂ ਪਈਆਂ। ਸਿਆਸੀ ਮਾਹਿਰਾਂ ਅਨੁਸਾਰ ਤਿੰਨੇ ਸੂਬਿਆਂ ਵਿੱਚ ‘ਆਪ’ ਦੇ ਪੱਲੇ ਕੁਝ ਨਾ ਪੈਣ ਦਾ ਮੁੱਖ ਕਾਰਨ ਦਿੱਲੀ ਤੇ ਪੰਜਾਬ ਤੋਂ ਇਲਾਵਾ ‘ਆਪ’ ਦਾ ਹੋਰਨਾਂ ਸੂਬਿਆਂ ਵਿੱਚ ਕਾਡਰ ਨਾ ਹੋਣਾ ਦੱਸਿਆ ਜਾ ਰਿਹਾ ਹੈ। 


ਦੱਸ ਦਈਏ ਕਿ ਕੌਮੀ ਰਾਜਧਾਨੀ ਦਿੱਲੀ ਤੇ ਪੰਜਾਬ ਵਿੱਚ ਵੱਡੇ ਬਹੁਮਤ ਨਾਲ ਸੱਤਾ ਵਿੱਚ ਕਾਬਜ਼ ਹੋ ਕੇ ਕੌਮੀ ਪਾਰਟੀ ਦਾ ਦਰਜਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇਸ਼ ਦੇ ਚਾਰ ਸੂਬਿਆਂ ਵਿੱਚ ਹੋਈਆਂ ਚੋਣਾਂ ਵਿੱਚ ਆਪਣੇ ਪੈਰ ਲਾਉਣ ਵਿੱਚ ਨਾਕਾਮ ਰਹੀ ਹੈ। ‘ਆਪ’ ਵੱਲੋਂ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਧਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਪਾਠਕ ਦੀ ਅਗਵਾਈ ਹੇਠ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਗਿਆ, ਪਰ ‘ਆਪ’ ਦੇ ਹੱਥ ਕੁਝ ਨਾ ਲੱਗਿਆ।



ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਦਰਜਨਾਂ ਚੋਣ ਰੈਲੀਆਂ ਕੀਤੀਆਂ। ਇਸ ਤੋਂ ਇਲਾਵਾ ਪੰਜਾਬ ਤੇ ਦਿੱਲੀ ਦੇ ਕਈ ਕੈਬਨਿਟ ਮੰਤਰੀਆਂ ਤੇ ਦਰਜਨਾਂ ਵਿਧਾਇਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਸਨ ਪਰ ਇਸ ਦਾ ਸਿਲਾ ਕੁਝ ਨਾ ਨਿਕਲ ਸਕਿਆ। ‘ਆਪ’ ਦੀ ਤਿੰਨੋਂ ਸੂਬਿਆਂ ਵਿੱਚ ਹੋਈ ਕਰਾਰੀ ਹਾਰ ਦਾ ਅਸਰ ਆਗਾਮੀ ਲੋਕ ਸਭਾ ਚੋਣਾਂ ’ਤੇ ਵੀ ਪੈ ਸਕਦਾ ਹੈ।