ਨਵੀਂ ਦਿੱਲੀ: ਸਰਕਾਰ ਨੇ ਕਸਟਮ ਡਿਊਟੀ ਛੋਟਾਂ ਦੀ ਸਮੀਖਿਆ ਲਈ ਲਗਭਗ 97 ਵੱਖ-ਵੱਖ ਉਤਪਾਦਾਂ ਦੀ ਪਛਾਣ ਕੀਤੀ ਹੈ। ਇਸ ਸਬੰਧ ਵਿੱਚ ਵਪਾਰ ਤੇ ਉਦਯੋਗ ਸੰਸਥਾਵਾਂ ਤੋਂ ਸੁਝਾਅ ਮੰਗੇ ਗਏ ਹਨ। ‘ਕੇਂਦਰੀ ਅਸਿੱਧੇ ਟੈਕਸ ਬੋਰਡ’ (CBIT) ਨੇ 10 ਅਗਸਤ ਤੱਕ ਇਸ ਸਬੰਧੀ ਸੁਝਾਅ ਮੰਗੇ ਹਨ। ਜਿਨ੍ਹਾਂ ਉਤਪਾਦਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਵਿੱਚ ਫੈਬਰਿਕ, ਗੇਮਜ਼/ਸਪੋਰਟਸ ਉਪਕਰਣ, ਮਾਈਕ੍ਰੋਵੇਵ ਨਿਰਮਾਣ ਲਈ ਕੰਮ ਆਉਂਦੇ ਮੈਗਨੇਟ੍ਰੋਨ, ਪੀਸੀਬੀ ਪਾਰਟਸ, ਸੈੱਟ-ਅਪ ਬਾਕਸ, ਰਾਊਟਰ, ਬ੍ਰਾਡਬੈਂਡ ਮੋਡਮ, ਗਰਭ-ਨਿਰੋਧਕ ਤੇ ਨਕਲੀ ਗੁਰਦੇ ਸ਼ਾਮਲ ਹਨ।

 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2020-21 ਦੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਸੀ ਕਿ ਮੌਜੂਦਾ ਕਸਟਮ ਨੋਟੀਫਿਕੇਸ਼ਨਾਂ ਦੀ ਸਾਵਧਾਨੀ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੋਰ ਪੜਤਾਲ ਕੀਤੀ ਜਾਵੇਗੀ। ਇਸ ਪਿੱਛੇ ਵਿਚਾਰ ਇਹ ਸੀ ਕਿ ਇਹ ਨੀਤੀ ਸਥਾਨਕ ਉਤਪਾਦਨ ਨੂੰ ਉਤਸ਼ਾਹਤ ਕਰੇਗੀ ਤੇ ਦਰਾਮਦ ਨੂੰ ਘਟਾਏਗੀ। ਇਸ ਦੇ ਨਾਲ, ਕੱਚੇ ਮਾਲ ਦੀ ਪਹੁੰਚ ਵੀ ਇੱਕ ਟੀਚਾ ਹੈ।

 

2021-22 ਦੇ ਬਜਟ ਵਿੱਚ ਕਪਾਹ, ਪਲਾਸਟਿਕ, ਚਮੜੇ, ਰਤਨ ਤੇ ਗਹਿਣਿਆਂ ਦੇ ਨਾਲ ਵੱਖ ਵੱਖ ਇਲੈਕਟ੍ਰਾਨਿਕ ਵਸਤੂਆਂ ਉੱਤੇ ਦਰਾਮਦ ਡਿਊਟੀਆਂ ਵਧਾ ਦਿੱਤੀਆਂ ਗਈਆਂ ਸਨ, ਪਰ ਘਰੇਲੂ ਉਤਪਾਦਕਾਂ ਦੀ ਲਾਗਤ ਨੂੰ ਘਟਾਉਣ ਲਈ ਨੇਪਥਾ ਵਰਗੇ ਕੁਝ ਪ੍ਰਮੁੱਖ ਕੱਚੇ ਮਾਲ ਉੱਤੇ ਡਿਊਟੀ ਘਟਾ ਦਿੱਤੀ ਗਈ ਸੀ।

 

ਇਸ ਨਾਲ ਆਟੋਮੋਬਾਈਲਜ਼, ਇਲੈਕਟ੍ਰਾਨਿਕ ਤੇ ਟੈਕਨੋਲੋਜੀ ਉਤਪਾਦਾਂ ਅਤੇ ਦੂਰਸੰਚਾਰ ਉਤਪਾਦਾਂ ਨੂੰ ਦਿੱਤੇ ਗਏ ਪ੍ਰੋਤਸਾਹਨ ਪੈਕੇਜ ਨੂੰ ਵੀ ਮਦਦ ਮਿਲਣ ਦੀ ਵੀ ਆਸ ਹੈ। ਸਰਕਾਰ ਇਸ ਸਾਲ 400 ਤੋਂ ਵੱਧ ਪੁਰਾਣੀਆਂ ਕਸਟਮ ਡਿਊਟੀ ਛੋਟਾਂ ਦੀ ਸਮੀਖਿਆ ਕਰਨਾ ਚਾਹੁੰਦੀ ਹੈ ਤੇ ਅਕਤੂਬਰ ਤੋਂ ਸੋਧਿਆ ਗਿਆ ਕਸਟਮ ਡਿਊਟੀ ਢਾਂਚਾ ਲਾਗੂ ਕਰਨਾ ਚਾਹੁੰਦੀ ਹੈ।


 


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ