ਰਮਨਦੀਪ ਕੌਰ


ਸਾਲ 2020 'ਚ ਉਹ ਕੁਝ ਵਾਪਰਿਆ ਜੋ ਪਹਿਲਾਂ ਕਦੇ ਨਹੀਂ ਸੀ ਹੋਇਆ। ਕੌਮਾਂਤਰੀ ਪੱਧਰ 'ਤੇ ਫੈਲੀ ਮਹਾਂਮਾਰੀ ਤੋਂ ਲੈਕੇ ਲੋਕ ਰੋਹ ਦੀ ਆਵਾਜ਼ ਉੱਠਣ ਤਕ ਸਭ ਇਤਿਹਾਸਕ ਰਿਹਾ। ਸਾਲ 2020 ਦੀ ਸ਼ੁਰੂਆਤ ਤੋਂ ਹੀ ਨਾਗਰਿਕਤਾ ਸੋਧ ਕਾਨੂੰਨ 'ਤੇ ਐਨਆਰਸੀ ਦੇ ਖਿਲਾਫ ਦੇਸ਼ ਭਰ 'ਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ। ਉਸ ਵੇਲੇ ਵੀ ਕੜਾਕੇ ਦੀ ਠੰਡ 'ਚ ਔਰਤਾਂ ਬਜ਼ੁਰਗਾਂ ਸਮੇਤ ਵੱਡੀ ਗਿਣਤੀ ਲੋਕ ਰੋਸ ਵਜੋਂ ਡਟੇ ਰਹੇ। ਯਾਨੀ ਕਿ ਪ੍ਰਦਰਸ਼ਨ ਤੋਂ ਹੀ ਸਾਲ ਦੀ ਸ਼ੁਰੂਆਤ ਹੋਈ ਤੇ ਪ੍ਰਦਰਸ਼ਨ ਦਰਮਿਆਨ ਹੀ ਅੰਤ ਹੋਇਆ।


ਕੋਰੋਨਾ ਵਾਇਰਸ ਜਿਸ ਨੇ 2020 'ਚ ਪੂਰੀ ਦੁਨੀਆਂ ਨੂੰ ਵਖਤ ਪਾ ਛੱਡਿਆ। ਦਸੰਬਰ 2019 'ਚ ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆਂ ਦੇ ਕਈ ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਕੋਰੋਨਾ ਵਾਇਰਸ ਕਾਰਨ 8 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਲਪੇਟ 'ਚ ਲਿਆ। ਇਨ੍ਹਾਂ 'ਚੋਂ 17 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮੁਲਕਾਂ 'ਚ ਅਮਰੀਕਾ ਸਭ ਤੋਂ ਪਹਿਲੇ ਨੰਬਰ 'ਤੇ ਰਿਹਾ। ਕੋਰੋਨਾ ਦੀ ਦਹਿਸ਼ਤ ਮਗਰੋਂ ਦੁਨੀਆਂ ਦੇ ਕਈ ਦੇਸ਼ ਕੋਰੋਨਾ ਵੈਕਸੀਨ 'ਚ ਜੁੱਟੇ ਰਹੇ ਤੇ ਹੁਣ ਜਦੋਂ ਕੋਰੋਨਾ ਵੈਕਸੀਨ ਤਿਆਰ ਹੋਈ ਤਾਂ ਕੋਰੋਨਾ ਦੀ ਨਵੀਂ ਕਿਸਮ ਨੇ ਬ੍ਰਿਟੇਨ 'ਚ ਦਸਤਕ ਦੇ ਦਿੱਤੀ।


ਕੋਰੋਨਾ ਵਾਇਰਸ ਨੇ ਦੁਨੀਆ ਭਰ 'ਚ ਆਰਥਿਕ ਤੌਰ 'ਤੇ ਮੰਦਹਾਲੀ ਲਿਆਂਦੀ, ਲੋਕਾਂ ਦਾ ਰੋਜ਼ਗਾਰ ਖੁੱਸ ਗਿਆ। ਰੋਜ਼ੀ ਰੋਟੀ ਤੋਂ ਲੋਕ ਵਾਂਝੇ ਹੋ ਗਏ। ਸ਼ਾਇਦ ਪਹਿਲੀ ਵਾਰ ਹੋਇਆ ਹੋਵੇ ਕਿ ਦਿਨ ਦਿਹਾੜੇ ਬਜ਼ਾਰਾਂ 'ਚ ਲੌਕਡਾਊਨ, ਆਲੇ ਦੁਆਲੇ ਸੁੰਨ ਪੱਸਰੀ ਹੋਵੇ। ਕੋਰੋਨਾ ਵਾਇਰਸ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ। ਪੜਾਈ ਤੋਂ ਲੈਕੇ ਵਪਾਰ ਤਕ ਹਰ ਕੰਮ 'ਤੇ ਅਸਰ ਪਿਆ। ਅਜੇ ਤਕ ਜ਼ਿੰਦਗੀ ਪੂਰੀ ਤਰ੍ਹਾਂ ਲੀਹ 'ਤੇ ਨਹੀਂ ਆ ਸਕੀ।


ਸਿਆਸੀ ਸਰਗਰਮੀਆਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਢੀਂਡਸਾ ਨੇ ਵਿਧਾਨ ਸਭਾ 'ਚ ਵਿਧਾਇਕ ਦਲ ਦੇ ਲੀਡਰ ਵਜੋਂ ਅਸਤੀਫਾ ਦੇ ਦਿੱਤਾ ਸੀ। ਓਧਰ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਪਾਰਟੀ ਤੋਂ ਮੁਅੱਤਲ ਕਰ ਦਿੱਤਾ। ਵਿਧਾਇਕ ਪਰਮਿੰਦਰ ਢੀਂਡਸਾ ਵੱਲੋਂ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਸੁਖਬੀਰ ਬਾਦਲ ਨੇ ਪੰਜਾਬ ਵਿਧਾਨ ਸਭਾ 'ਚ ਪਾਰਟੀ ਦੇ ਵਿਧਾਇਕ ਦਲ ਦੇ ਨਵੇਂ ਨੇਤਾ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੂੰ ਐਲਾਨ ਦਿੱਤਾ।
ਸਾਲ 2020 'ਚ ਅਸ਼ਵਨੀ ਸ਼ਰਮਾ ਨੂੰ ਪੰਜਾਬ ਬੀਜੇਪੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ। 10 ਸਾਲਾਂ ਬਾਅਦ ਦੂਜੀ ਵਾਰ ਅਸ਼ਵਨੀ ਸ਼ਰਮਾ ਨੂੰ ਪੰਜਾਬ ਭਾਜਪਾ ਦੀ ਕਮਾਨ ਮਿਲੀ।


ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਬੀਜੇਪੀ ਤੇ ਅਕਾਲੀ ਦਲ ਦੇ ਰਾਹ ਵੱਖ-ਵੱਖ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸੀ ਕਿ ਬੀਜੇਪੀ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਵਿੱਚ ਮੁਸਲਮਾਨਾਂ ਨੂੰ ਸ਼ਾਮਲ ਨਾ ਕਰਨ ਕਰਕੇ ਗੱਠਜੋੜ ਤੋੜਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਵਾਰ-ਵਾਰ ਕਹਿਣ 'ਤੇ ਬੀਜੇਪੀ ਨੇ ਅਕਾਲੀ ਦਲ ਦੀ ਗੱਲ਼ ਨਹੀਂ ਮੰਨੀ ਇਸ ਲਈ ਅਸੀਂ ਬੀਜੇਪੀ ਨਾਲ ਰਲ ਕੇ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਸਿਧਾਂਤਾਂ ਖਾਤਰ ਦਿੱਲੀ ਵਿੱਚ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ।


ਹਰਿਆਣਾ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਤੇ ਬੀਜੇਪੀ ਦੀ ਫੁੱਟ ਖੂਬ ਜੱਗ ਜ਼ਾਹਰ ਹੋਈ ਸੀ। ਉਸ ਵੇਲੇ ਵੀ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਗਠਜੋੜ 'ਤੇ ਸਵਾਲ ਉੱਠਣੇ ਸ਼ੁਰੂ ਹੋਏ ਸਨ ਕਿ ਕੀ ਪੰਜਾਬ 'ਚ ਇਹ ਗਠਜੋੜ ਰਹੇਗਾ?


ਦਿੱਲੀ ਦੀਆਂ 70 ਵਿਧਾਨਸਭਾ ਸੀਟਾਂ ਤੋਂ 62 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਲਗਾਤਾਰ ਤੀਜੀ ਵਾਰ ਜਿੱਤ ਦਰਜ ਕੀਤੀ ਸੀ। ਬੀਜੇਪੀ ਨੂੰ 8 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ।


2020 'ਚ ਸਾਬਕਾ ਡੀਜੀਪੀ ਸੁਮੇਧ ਸੈਣੀ ਵੀ ਵਿਵਾਦਾਂ 'ਚ ਛਾਏ ਰਹੇ। ਕਰੀਬ ਤਿੰਨ ਦਹਾਕੇ ਪਹਿਲਾਂ ਸੁਰਖੀਆਂ 'ਚ ਰਿਹਾ ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲਾ 2020 ਦੌਰਾਨ ਵੀ ਪੰਜਾਬ ਦੀ ਸਿਆਸਤ 'ਚ ਸਰਗਰਮ ਰਿਹਾ। ਸੈਣੀ ਨੂੰ ਉਸ ਵੇਲੇ ਹੋਰ ਵੀ ਝਟਕਾ ਲੱਗਾ ਸੀ ਜਦੋਂ ਪੰਜਾਬ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਆਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ। ਜਿਸ ਤੋਂ ਬਾਅਦ ਸੈਣੀ ਅੰਡਰਗ੍ਰਾਊਂਡ ਹੋ ਗਏ ਸਨ। ਬਾਅਦ 'ਚ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਤੇ ਉਨ੍ਹਾਂ ਦੀ ਗ੍ਰਿਫਤਾਰੀ 'ਤੇ ਰੋਕ ਲੱਗ ਗਈ।


ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਲੱਗੇ ਐਸਸੀ ਵਿਦਿਆਰਥੀ ਦੇ 39 ਕਰੋੜ ਰੁਪਏ ਦੇ ਘਪਲੇ ਦਾ ਮੁੱਦਾ ਵੀ ਸਰਗਰਮ ਰਿਹਾ। ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੱਲੋਂ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ ਤੇ ਸਾਧੂ ਸਿੰਘ ਧਰਮਸੋਤ ਦੀ ਬਰਖਾਸਤਗੀ ਲਈ ਧਰਨੇ ਪ੍ਰਦਰਸ਼ਨ ਕੀਤੇ ਗਏ ਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ। ਬਾਅਦ 'ਚ ਪੰਜਾਬ ਸਰਕਾਰ ਵੱਲੋਂ ਇਸ ਘਪਲੇ ਦੀ ਜਾਂਚ ਲਈ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ। ਇਸ ਜਾਂਚ ਟੀਮ ਨੇ ਆਪਣੀ ਰਿਪੋਰਟ 'ਚ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ।


ਕੈਪਟਨ ਸਰਕਾਰ ਪਿਛਲੇ ਤਿੰਨ ਸਾਲਾਂ ਵਾਂਗ ਇਸ ਵਾਰ ਵੀ ਵਿਵਾਦਾਂ 'ਚ ਘਿਰੀ ਰਹੀ। ਪੰਜਾਬ 'ਚ ਵੱਖ-ਵੱਖ ਵਰਗਾਂ ਦੇ ਲੋਕ, ਮੁਲਾਜ਼ਮ ਪੰਜਾਬ ਸਰਕਾਰ ਖਿਲਾਫ ਕਈ ਵਾਰ ਸੜਕਾਂ ਤੇ ਉੱਤਰੇ, ਹਾਲਾਂਕਿ ਚੋਣਾਂ ਤੋਂ ਪਹਿਲਾਂ ਸਮਾਰਟਫੋਨ ਦੇਣ ਦਾ ਵਾਅਦਾ ਕੈਪਟਨ ਸਾਹਬ ਕਿਸ਼ਤਾਂ 'ਚ ਨਿਭਾਉਂਦੇ ਨਜ਼ਰ ਆਏ।


ਨਵਜੋਤ ਸਿੱਧੂ ਤੇ ਕੈਪਟਨ ਦੇ ਸੁਰ 2020 'ਚ ਵੀ ਵੱਖ-ਵੱਖ ਰਹੇ। ਹਾਲਾਂਕਿ ਪੰਜਾਬ ਮਾਮਲਿਆਂ ਦੇ ਇੰਟਾਰਜ ਹਰੀਸ਼ ਰਾਵਤ ਨੇ ਸਿੱਧੂ ਤੇ ਕੈਪਟਨ ਦਾ ਪਾੜਾ ਘਟਾਉਣ ਦੀ ਕੋਸ਼ਿਸ ਕੀਤੀ। ਜਿਸ ਨੂੰ ਅੰਤ 'ਚ ਬੂਰ ਪੈਂਦਾ ਵੀ ਦਿਖਾਈ ਦਿੱਤਾ। ਜਦੋਂ ਸਿੱਧੂ ਨੂੰ ਕੈਪਟਨ ਨੇ ਲੰਚ 'ਤੇ ਸੱਦਿਆ ਸੀ।


ਬਿਹਾਰ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਤੇ ਜਨਤਾ ਦਲ ਗਠਜੋੜ ਸਰਕਾਰ ਬਣਾਉਣ 'ਚ ਕਾਮਯਾਬ ਰਹੇ ਤੇ ਨਿਤਿਸ਼ ਕੁਮਾਰ ਨੇ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਹੁਣ 2021 'ਚ ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਬੀਜੇਪੀ ਉੱਥੋਂ ਦੀ ਸੱਤਾ 'ਤੇ ਬਿਰਾਜਮਾਨ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ।


ਅਮਰੀਕੀ ਚੋਣਾਂ 'ਚ ਨਤੀਜੇ ਡੌਨਾਲਡ ਟਰੰਪ ਨੂੰ ਹਰਾ ਕੇ ਜੋ ਬਾਇਡਨ ਨੇ ਰਾਸ਼ਟਰਪਤੀ 'ਤੇ ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਜਿੱਤੀ।


ਅਕਾਲੀ ਲੀਡਰ ਬੀਬੀ ਜਗੀਰ ਕੌਰ ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ। ਇਸ ਤੋਂ ਪਹਿਲਾਂ ਗੋਬਿੰਦ ਸਿੰਘ ਲੌਂਗੋਵਾਲ ਨੇ ਲਗਾਤਾਰ ਦੋ ਵਾਰ ਐਸਜੀਪੀਸੀ ਦੀ ਕਮਾਨ ਸਾਂਭੀ ਸੀ।


ਇਹ ਕਹਿਣ 'ਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸਾਲ 2020 ਕਿਸਾਨਾਂ ਦੇ ਨਾਂਅ ਰਿਹਾ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੇ ਸਿਰਫ਼ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਆਪਣੇ ਵੱਲ ਖਿੱਚਿਆ ਹੈ। ਕੇਂਦਰ ਦਾ ਦਾਅਵਾ ਰਿਹਾ ਕਿ ਕੇਤੀ ਕਾਨੂੰਨ ਕਿਸਾਨਂ ਦੇ ਫਾਇਦੇ ਲਈ ਹਨ ਪਰ ਕਿਸਾਨਾਂ ਦਾ ਮੰਨਣਾ ਹੈ ਕਿ ਇਹ ਉਨ੍ਹਾਂ ਦੀ ਬਰਬਾਦੀ ਦਾ ਰਾਹ ਹੈ। ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਸਿਆਸਤ ਵੀ ਰੱਜ ਕੇ ਹੋਈ। ਹਰਸਿਮਰਤ ਬਾਦਲ ਨੂੰ ਕੇਂਦਰੀ ਕੈਬਨਿਟ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਸ ਤੋਂ ਬਾਅਦ ਅਕਾਲੀ ਦਲ ਨੂੰ ਬੀਜੇਪੀ ਤੋਂ ਤੋੜ ਵਿਛੋੜਾ ਕਰਨਾ ਪਿਆ।


ਸਤੰਬਰ ਤੋਂ ਪੰਜਾਬ 'ਚ ਵੱਖ-ਵੱਖ ਮੋਰਚਿਆਂ 'ਤੇ ਡਟੇ ਕਿਸਾਨਾਂ ਨੇ 26 ਨਵੰਬਰ ਦਿੱਲੀ ਵੱਲ ਕੂਚ ਕੀਤਾ ਤੇ ਅੱਜ ਤਕ ਕੜਾਕੇ ਦੀ ਠੰਡ 'ਚ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨਾਂ ਨੇ ਨਾ ਸਿਰਫ਼ ਟੋਲ ਪਲਾਜ਼ਾ 'ਤੇ ਹਾਈਵੇਅ ਹੀ ਜਾਮ ਕੀਤੇ, ਬੀਜੇਪੀ ਲੀਡਰਾਂ ਦਾ ਘਿਰਾਉ ਕੀਤਾ ਗਿਆ। ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਹੁਣ ਤਕ 35 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਸਰਕਾਰ ਇਨ੍ਹਾਂ ਕਾਨੂੰਨਾਂ ਖਿਲਾਫ ਵਿਧਾਨ ਸਭਾ 'ਚ ਵੀ ਮਤਾ ਪਾਸ ਕਰ ਚੁੱਕੀ ਹੈ। ਓਧਰ ਇਸ ਸਭ ਦਰਮਿਆਨ ਕੇਂਦਰ ਤੇ ਕਿਸਾਨਾਂ ਵਿਚਾਲੇ ਸੱਤ ਵਾਰ ਮੀਟਿੰਗ ਹੋ ਚੁੱਕੀ ਹੈ ਜੋ ਬੇਨਤੀਜਾ ਰਹੀ। ਕਿਉਂਕਿ ਕਿਸਾਨਾਂ ਦਾ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ 'ਤੇ ਕੇਂਦਰ ਦਾ ਜਵਾਬ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾ ਸਕਦੇ ਸੋਧਾਂ ਕਰਨ ਲਈ ਤਿਆਰ ਹਾਂ।


ਇਸ ਤੋਂ ਇਲਾਵਾ ਹੋਰ ਤ੍ਰਾਸਦੀਆਂ ਦੀ ਗੱਲ ਕਰੀਏ ਤਾਂ ਇਰਾਨ ਦੀ ਰਾਜਧਾਨੀ ਤਹਿਰਾਨ 'ਚ ਯੁਕਰੇਨ ਦਾ ਜਹਾਜ਼ ਕ੍ਰੈਸ਼ ਹੋ ਗਿਆ। ਇਸ ਜਹਾਜ਼ 'ਚ 180 ਲੋਕ ਸਵਾਰ ਸੀ। ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ। ਘਟਨਾ ਦੇ ਸਮੇਂ ਉਡਾਣ ਲਗਭਗ 7900 ਫੁੱਟ ਦੀ ਉਚਾਈ 'ਤੇ ਉਡਾਣ ਭਰ ਰਹੀ ਸੀ।


ਲਾਹੌਰ 'ਚ ਖਾਲਿਸਤਾਨ ਪੱਖੀ ਹਰਮੀਤ ਸਿੰਘ ਹੈਪੀ ਪੀਐੱਚਡੀ ਦਾ ਕਤਲ ਕਰ ਦਿੱਤਾ ਗਿਆ। ਹਰਮੀਤ ਸਿੰਘ ਭਾਰਤ 'ਚ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਨਾਲ ਜੁੜੇ ਮਾਮਲਿਆਂ ਵਿੱਚ ਲੋੜੀਂਦਾ ਸੀ। ਪਿਛਲੇ ਸਾਲ ਅਕਤੂਬਰ 'ਚ ਇਸ ਦੀ ਜਾਣਕਾਰੀ ਦੇ ਅਧਾਰ 'ਤੇ ਇੰਟਰਪੋਲ ਨੇ ਖਾਲਿਸਤਾਨੀਆਂ ਨਾਲ ਸਬੰਧਤ ਅੱਠ ਲੋਕਾਂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਹਰਮੀਤ ਸਿੰਘ ਵੀ ਉਨ੍ਹਾਂ ਵਿੱਚੋਂ ਇੱਕ ਸੀ। ਹਰਮੀਤ ਸਿੰਘ ਪਿਛਲੇ ਦੋ ਸਾਲਾਂ ਤੋਂ ਪਾਕਿਸਤਾਨ 'ਚ ਰਿਹਾ ਸੀ ਤੇ ਇੱਥੋਂ ਆਪਣੇ ਕਾਰੋਬਾਰ ਨੂੰ ਚਲਾ ਰਿਹਾ ਸੀ।


ਦਿੱਲੀ ਵਿੱਚ 7 ਸਾਲ ਪਹਿਲਾਂ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਇੱਕ ਕੁੜੀ ਨਾਲ ਬਲਾਤਕਾਰ ਅਤੇ ਕਤਲ ਦੇ ਚਾਰ ਦੋਸ਼ੀਆਂ ਨੂੰ ਫਾਂਸੀ ਦੇਣ ਦਾ ਇਤਿਹਾਸਕ ਫੈਸਲਾ ਵੀ ਸਾਲ 2020 'ਚ ਹੋਇਆ। ਮਾਰਚ ਮਹੀਨੇ ਚਾਰੋਂ ਦੋਸ਼ੀਆਂ ਨੂੰ ਫ਼ਾਂਸੀ ਦਿੱਤੀ ਗਈ ਹੈ।


ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੇ ਪੋਤਰੇ ਪ੍ਰਿੰਸ ਹੈਰੀ ਤੇ ਉਸ ਦੀ ਪਤਨੀ ਮੇਗਨ ਮਾਰਕਲ ਨੇ ਰਾਣੀ ਐਲਿਜ਼ਾਬੇਥ ਨੂੰ ਬਿਨਾਂ ਦੱਸੇ ਆਪਣੇ ਆਪਣੇ ਨੂੰ ਸ਼ਾਹੀ ਪਰਿਵਾਰ ਤੋਂ ਵੱਖ ਕਰ ਲਿਆ ਸੀ। ਜੋੜੇ ਵੱਲੋਂ ਆਪਣੇ ਇਸ ਫੈਸਲੇ ਬਾਰੇ ਪਰਿਵਾਰ 'ਚ ਕਿਸੇ ਨੂੰ ਵੀ ਦੱਸਿਆ ਨਹੀਂ ਗਿਆ। ਹੈਰੀ ਤੇ ਮੇਗਨ ਦਾ ਇੱਕ ਬੱਚਾ ਵੀ ਹੈ। ਇਸ ਜੋੜੇ ਦਾ ਕਹਿਣਾ ਸੀ ਕਿ ਉਹ ਸ਼ਾਹੀ ਪਰਿਵਾਰ ਵਿੱਚ ‘ਪ੍ਰਗਤੀਸ਼ੀਲ ਤੇ ਨਵੀਂ ਭੂਮਿਕਾ’ ਪੈਦਾ ਕਰਨ ਦੇ ਨਾਲ-ਨਾਲ ‘ਵਿੱਤੀ ਤੌਰ‘ ਤੇ ਸਵੈ-ਨਿਰਭਰ ਬਣਨਾ ਚਾਹੁੰਦੇ ਹਨ।


ਸਾਲ 2020 'ਚ ਭਾਰਤ ਚੀਨ ਸਰਹੱਦੀ ਵਿਵਾਦ ਵੀ ਛਾਇਆ ਰਿਹਾ। ਕਈ ਦੌਰ ਦੀ ਫੌਜੀ ਪੱਧਰ ਤੇ ਰਾਜਨਾਇਕ ਪੱਧਰ ਦੀ ਗੱਲਬਾਤ ਤੋਂ ਬਾਅਦ ਵੀ ਵਿਵਾਦ ਜਿਉਂ ਦਾ ਤਿਉਂ ਰਿਹਾ। ਇਸ ਦਰਮਿਆਨ ਭਾਰਤ ਵੱਲੋਂ ਪਹਿਲਾਂ ਟਿਕਟੌਕ ਸਣੇ 59 ਚੀਨੀ ਐਪਸ '[ਤੇ ਪਾਬੰਦੀ ਲਾਈ ਗਈ ਤੇ ਫਿਰ ਪਬਜੀ ਸਣੇ 118 ਚੀਨੀ ਐਪਸ 'ਤੇ ਪਾਬੰਦੀ ਲਾ ਦਿੱਤੀ ਗਈ।


ਸਾਲ 2020 ਮਨੋਰੰਜਨ ਜਗਤ ਲਈ ਵੀ ਬਹੁਤ ਹੀ ਦੁਖਦਾਈ ਰਿਹਾ। ਕਈ ਮਸ਼ਹੂਰ ਹਸਤੀਆਂ ਨੇ ਇਸ ਵਰ੍ਹੇ ਦੁਨੀਆਂ ਨੂੰ ਅਲਵਿਦਾ ਕਿਹਾ। ਪ੍ਰਸਿੱਧ ਢਾਡੀ ਤੇ ਲੋਕ ਗਾਇਕ ਈਦੂ ਸ਼ਰੀਫ ਦਾ 2020 'ਚ ਦੇਹਾਂਤ ਹੋ ਗਿਆ।


ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਜਸਵੰਤ ਸਿੰਘ ਕੰਵਲ ਵੀ 2020 'ਚ ਇਸ ਜਹਾਨ ਤੋਂ ਕੁਖ਼ਸਤ ਹੋ ਗਏ। ਜਸਵੰਤ ਸਿੰਘ ਕੰਵਲ ਨੇ 'ਲਹੂ ਦੀ ਲੋਅ', 'ਪੂਰਨਮਾਸ਼ੀ' ਸਮੇਤ ਕਈ ਨਾਵਲ ਪੰਜਾਬੀ ਸਾਹਿਤ ਜਗਤ ਦੇ ਨਾਂ ਕੀਤੇ। ਜਸਵੰਤ ਕੰਵਲ ਦੀ ਮੌਤ ਤੋਂ ਠੀਕ ਦੋ ਦਿਨ ਪੁਹਿਲਾਂ ਦਲੀਪ ਕੌਰ ਟਿਵਾਣਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।


ਇਸ ਤੋਂ ਇਲਾਵਾ ਬਾਲੀਵੁੱਡ ਹਸਤੀਆਂ ਰਿਸ਼ੀ ਕਪੂਰ, ਇਮਰਾਨ ਖਾਨ, ਸ਼ੁਸ਼ਾਂਤ ਸਿੰਘ ਰਾਜਪੂਤ, ਸਰੋਜ ਖਾਨ, ਵਾਜਿਦ ਖਾਨ, ਨੇ ਵੀ 2020 ਚ ਆਖਰੀ ਸਾਹ ਲਏ। ਪੰਜਾਬ ਦੇ ਮਸ਼ਹੂਰ ਗਾਇਕ ਕੇਦੀਪ ਦੀ ਜ਼ਿੰਦਗੀ ਦਾ ਵੀ 2020 ਆਖਰੀ ਸਾਲ ਰਿਹਾ।


ਪੰਜਾਬੀ ਗਾਇਕਾਂ ਤੇ ਕਲਾਕਾਰਾਂ ਦਾ 2020 'ਚ ਨਵਾਂ ਰੂਪ ਦੇਖਣ ਨੂੰ ਮਿਲਿਆ। ਦਰਅਸਲ ਕਿਸਾਨ ਅੰਦੋਲਨ 'ਚ ਗਾਇਕਾਂ ਨੇ ਭਰਪੂਰ ਯੋਗਦਾਨ ਪਾਇਆ। ਜਿੱਥੇ ਗਾਇਕ ਕਿਸਾਨਾਂ ਨਾਲ ਮੋਰਚਿਆਂ 'ਚ ਡਟੇ ਉੱਥੇ ਹੀ ਗਾਇਕੀ ਜ਼ਰੀਏ ਵੀ ਭਰਪੂਰ ਯੋਗਦਾਨ ਪਾਇਆ ਗਿਆ। ਇਨ੍ਹਾਂ 'ਚ ਰਣਜੀਤ ਬਾਵਾ ਤੇ ਕੰਵਰ ਗਰੇਵਾਲ ਤੇ ਹਰਭਜਨ ਮਾਨ ਦਾ ਨਾਂਅ ਮੋਹਰੀ ਰਿਹਾ।