ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ। ਇਸ ਵਿਚਕਾਰ ਸਰਕਾਰ ਦੇ ਮੈਥੇਮੈਟਿਕਲ ਮਾਡਲਿੰਗ ਐਕਸਪਰਟ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੀ ਮੌਜੂਦਾ ਦੂਜੀ ਲਹਿਰ ਅਗਲੇ 15 ਦਿਨਾਂ ਦੇ ਅੰਦਰ ਆਪਣੇ ਸ਼ਿਖਰ ਤਕ ਪਹੁੰਚ ਸਕਦੀ ਹੈ। ਆਈਆਈਟੀ-ਹੈਦਰਾਬਾਦ ਦੇ ਪ੍ਰੋ. ਐਮ. ਵਿਦਿਆਸਾਗਰ, ਜੋ ਕੋਵਿਡ-19 ਇੰਡੀਆ ਨੈਸ਼ਨਲ ਸੁਪਰ ਮਾਡਲ ਕਮੇਟੀ ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ ਕਿ ਕੋਰੋਨ ਵਾਇਰਸ 7 ਮਈ ਤੋਂ ਆਪਣੇ ਸਿਖਰ 'ਤੇ ਹੋਵੇਗਾ ਤੇ ਲਗਪਗ 15 ਦਿਨ ਬਾਅਦ ਹਾਲਾਤ ਸੁਧਰਣੇ ਸ਼ੁਰੂ ਹੋਣਗੇ।

ਪ੍ਰੋ. ਵਿਦਿਆਸਾਗਰ ਨੇ ਕਿਹਾ ਕਿ 7 ਮਈ ਨੂੰ ਕੋਰੋਨਾ ਆਪਣੇ ਸਿਖਰ 'ਤੇ ਹੋਵੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਹਰੇਕ ਸੂਬੇ 'ਚ ਹਾਲਾਤ ਥੋੜੇ ਬਦਲੇ ਹੋਏ ਨਜ਼ਰ ਆ ਸਕਦੇ ਹਨ। ਹਰੇਕ ਸੂਬੇ 'ਚ ਕੋਰੋਨਾ ਦੇ ਸਿਖਰ 'ਤੇ ਪਹੁੰਚਣ ਦਾ ਸਮਾਂ ਵੀ ਥੋੜਾ ਵੱਖ ਹੋ ਸਕਦਾ ਹੈ, ਪਰ ਪੂਰੇ ਦੇਸ਼ 'ਚ ਜਿਸ ਤਰ੍ਹਾਂ ਕੋਰੋਨਾ ਦੇ ਅੰਕੜੇ ਵੱਧ ਰਹੇ ਹਨ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਕੋਰੋਨਾ ਦੀ ਲਹਿਰ ਜਾਂ ਤਾਂ ਸਿਖਰ 'ਤੇ ਹੈ ਜਾਂ ਉਸ ਦੇ ਬਹੁਤ ਨੇੜੇ ਹੈ।

ਜ਼ਿਕਰਯੋਗ ਹੈ ਕਿ ਇੰਡੀਆ ਨੈਸ਼ਨਲ ਸੁਪਰ ਮਾਡਲ ਕਮੇਟੀ ਨੇ ਦੂਜੀ ਲਹਿਰ 'ਚ ਕੋਰੋਨਾ ਪੀਕ 'ਚ ਰੋਜ਼ਾਨਾ ਮਿਲਣ ਵਾਲੇ ਮਾਮਲਿਆਂ ਦੀ ਗਿਣਤੀ 1.20 ਲੱਖ ਤਕ ਦਾ ਅੰਦਾਜ਼ਾ ਲਾਇਆ ਸੀ, ਪਰ ਮੌਜੂਦਾ ਸਮੇਂ ਰੋਜ਼ਾਨਾ ਮਾਮਲੇ 4.12 ਲੱਖ ਹੋ ਗਏ ਹਨ। ਇਸ ਦਾ ਮਤਲਬ ਹੈ ਕਿ ਮਾਹਰਾਂ ਨੇ ਦੂਜੀ ਲਹਿਰ ਦੇ ਸਿਖਰ ਨੂੰ 3.43 ਗੁਣਾ ਘੱਟ ਸਮਝਿਆ।

ਇਸ ਬਾਰੇ ਬੀਤੇ ਦਿਨੀਂ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਕੇ. ਵਿਜੇ ਰਾਘਵਨ ਨੇ ਸਵੀਕਾਰ ਕੀਤਾ ਸੀ। ਰਾਸ਼ਟਰੀ ਸੁਪਰ ਮਾਡਲਿੰਗ ਕਮੇਟੀ ਨੇ ਪਿਛਲੇ ਸਾਲ 18 ਅਕਤੂਬਰ ਨੂੰ (ਜਦੋਂ ਸਤੰਬਰ ਦੇ ਅੱਧ 'ਚ ਕੋਰੋਨਾ ਪੀਕ 'ਚ ਰੋਜ਼ਾਨਾ ਦੇ ਮਾਮਲੇ 97,000 ਸਨ) ਕਿਹਾ ਸੀ ਕਿ ਜੇ ਹਰ ਕੋਈ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦਾ ਤਾਂ 2021 ਦੇ ਸ਼ੁਰੂ 'ਚ ਮਹਾਂਮਾਰੀ ਨੂੰ ਰੋਕਿਆ ਜਾ ਸਕਦਾ ਹੈ।

ਉੱਥੇ ਹੀ ਪ੍ਰਮੁੱਖ ਟੀਕਾ ਮਾਹਰ ਗਗਨਦੀਪ ਕੰਗ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਮੌਜੂਦਾ ਵਾਧਾ ਮਈ ਦੇ ਅੱਧ ਤੋਂ ਅੰਤ ਤਕ ਹੇਠਾਂ ਆ ਸਕਦਾ ਹੈ। ਕੰਗ ਨੇ ਕਿਹਾ ਕਿ ਕੋਰੋਨਾ ਦੇ ਮਾਮਲਿਆਂ 'ਚ ਇੱਕ ਜਾਂ ਦੋ ਹੋਰ ਉਛਾਲ ਆ ਸਕਦੇ ਹਨ, ਪਰ ਸ਼ਾਇਦ ਇਹ ਮੌਜੂਦਾ ਸਮੇਂ ਜਿੰਨਾ ਮਾੜਾ ਨਹੀਂ ਹੋਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਇਹ ਵਾਇਰਸ ਉਨ੍ਹਾਂ ਖੇਤਰਾਂ 'ਚ ਜਾ ਰਿਹਾ ਹੈ, ਜਿਥੇ ਇਹ ਪਿਛਲੇ ਸਾਲ ਨਹੀਂ ਪਹੁੰਚਿਆ ਸੀ। ਇਸ ਦਾ ਮਤਲਬ ਹੈ ਕਿ ਇਸ ਵਾਰ ਕੋਰੋਨਾ ਮੱਧ ਵਰਗ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਪੇਂਡੂ ਖੇਤਰਾਂ 'ਚ ਆਪਣੇ ਪੈਰ ਪਸਾਰ ਰਿਹਾ ਹੈ, ਪਰ ਵਾਇਰਸ ਦੇ ਜਾਰੀ ਰਹਿਣ ਦੀ ਸੰਭਾਵਨਾ ਘੱਟ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਟੀਕਾ ਲਵਾਉਣ ਦੀ ਅਪੀਲ ਕੀਤੀ।