ਨਵੀਂ ਦਿੱਲੀ: ਦੇਸ਼ ਦੇ 7 ਸੂਬਿਆਂ 'ਚ ਪੰਛੀਆਂ ਦੀ ਮੌਤ ਨਾਲ ਹੜਕੰਪ ਮੱਚ ਗਿਆ ਹੈ। ਚਾਰ ਸੂਬਿਆਂ 'ਚ ਬਰਡ ਫਲੂ ਇਨਫੈਕਸ਼ਨ ਦੀ ਪੁਸ਼ਟੀ ਹੋ ਗਈ ਹੈ। ਜੰਮੂ-ਕਸ਼ਮੀਰ ਤੇ ਤਾਮਿਲਨਾਡੂ 'ਚ ਅਲਰਟ ਜਾਰੀ ਕਰ ਦਿਤਾ ਗਿਆ ਹੈ। ਦੇਸ਼ ਦੇ ਚਾਰ ਸੂਬਿਆਂ 'ਚ ਬਰਡ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਹਿਮਾਚਲ, ਮੱਧ ਪ੍ਰਦੇਸ਼, ਰਾਜਸਥਾਨ ਤੇ ਕੇਰਲ 'ਚ ਬਰਡ ਫਲੂ ਫੈਲ ਗਿਆ ਹੈ।
ਕਰਨਾਟਕ, ਗੁਜਰਾਤ ਤੇ ਹਰਿਆਣਾ 'ਚ ਵੀ ਪੰਛੀਆਂ ਦੀ ਮੌਤ ਨਾਲ ਲੋਕ ਸਹਿਮ ਗਏ ਹਨ। ਹਰਿਆਣਾ ਦੇ ਪੰਚਕੂਲਾ 'ਚ ਵੱਡੀ ਸੰਖਿਆ 'ਚ ਮੁਰਗੀਆਂ ਦੀ ਮੌਤ ਨਾਲ ਹੜਕੰਪ ਮੱਚ ਗਿਆ ਹੈ। ਜਾਂਚ ਲਈ ਸੈਂਪਲ ਜਲੰਧਰ ਤੇ ਭੋਪਾਲ ਭੇਜੇ ਗਏ ਹਨ। ਕੇਰਲ 'ਚ ਬਰਡ ਫਲੂ ਨੂੰ ਆਫਤ ਐਲਾਨ ਦਿੱਤਾ ਗਿਆ ਹੈ। 30 ਹਜ਼ਾਰ ਤੋਂ ਜ਼ਿਆਦਾ ਮੁਰਗੀਆਂ ਤੇ ਬੱਤਖਾਂ ਨੂੰ ਮਾਰਨ ਦਾ ਫੈਸਲਾ ਕੀਤਾ ਗਿਆ ਹੈ।
ਹਰਿਆਣਾ ਦੇ ਪੰਚਕੂਲਾ 'ਚ 10 ਦਿਨ 'ਚ 4 ਲੱਖ ਤੋਂ ਜ਼ਿਆਦਾ ਪੰਛੀਆਂ ਦੀ ਮੌਤ
ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਬਰਡ ਫਲੂ ਦੇ ਐਚ5ਐਨ8 ਸਟ੍ਰੇਨ ਨੂੰ ਕੰਟਰੋਲ ਕਰਨ ਲਈ ਮੰਗਲਵਾਰ ਅਲਰਟ ਕਰਕੇ ਨਮੂਨਿਆਂ ਦੀ ਜਾਂਚ ਲਈ ਭੇਜ ਦਿੱਤਾ ਗਿਆ ਜਦਕਿ ਕੇਰਲ 'ਚ ਮੁਰਗਿਆਂ ਤੇ ਬੱਤਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੀ ਫਰਮ 'ਚ ਬੀਤੇ 10 ਦਿਨ ਦੌਰਾਨ ਚਾਰ ਲੱਖ ਤੋਂ ਜ਼ਿਆਦਾ ਪੋਲਟਰੀ ਪੰਛੀਆਂ ਦੀ ਮੌਤ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਜਲੰਧਰ ਦੀ ਸਥਾਨਕ ਰੋਗ ਜਾਂਚ ਪ੍ਰਯੋਗਸ਼ਾਲਾ ਦੀ ਇਕ ਟੀਮ ਨੇ ਪੰਛੀਆਂ ਦੇ ਨਮੂਨੇ ਇਕੱਠੇ ਕਰ ਲਏ ਹਨ। ਉਥੇ ਹੀ ਕੇਰਲ 'ਚ ਬਰਡ ਫਲੂ ਦੇ ਐਚ5ਐਨ8 ਸਟ੍ਰੇਨ ਨੂੰ ਕੰਟਰੋਲ ਕਰਨ ਲਈ ਮੁਰਗੇ-ਮੁਰਗੀਆਂ ਤੇ ਬੱਤਖਾਂ ਨੂੰ ਮੰਗਲਵਾਰ ਮਾਰਨਾ ਸ਼ੁਰੂ ਕਰ ਦਿੱਤਾ ਗਿਆ। ਜਦਕਿ ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ ਫਲੂ ਦੇ ਮਾਮਲੇ ਰਿਪੋਰਟ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਨੇ ਅਲਰਟ ਐਲਾਨ ਦਿੱਤਾ ਹੈ ਤੇ ਪਰਵਾਸੀ ਪੰਛੀਆਂ ਦੇ ਨਮੂਨੇ ਲੈਣੇ ਸ਼ੁਰੂ ਕਰ ਦਿੱਤੇ ਹਨ।
ਉੱਤਰ ਪ੍ਰਦੇਸ਼
ਦੇਸ਼ ਦੇ ਕੁਝ ਸੂਬਿਆਂ ਤੋਂ ਬਰਡ ਫਲੂ ਨੂੰ ਲੈਕੇ ਆ ਰਹੇ ਖਦਸ਼ਿਆਂ ਦੇ ਤਗਿਤ ਲਖਨਊ 'ਚ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੇ ਸਿਹਤ ਵਿਭਾਗ ਤੇ ਪਸ਼ੂਪਾਲਣ ਵਿਭਾਗ ਨੂੰ ਸੂਬਿਆਂ 'ਚ ਪੂਰੀ ਤਰ੍ਹਾਂ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਸ ਸੰਦਰਭ 'ਚ ਬਰਡ ਫਲੂ ਨੂੰ ਲੈਕੇ ਨਿਰਦੇਸ਼ਕ ਪਸ਼ੂਪਾਲਣ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਪੰਜਾਬ ਦੇ ਤਰਨਤਾਰਨ 'ਚ ਮੌਜੂਦ ਹਰੀਕੇ ਪੱਤਣ ਬੋਰਡ ਸੈਂਚੁਰੀ 'ਚ ਵੀ ਵਣ ਵਿਭਾਗ ਨੇ ਸਖ਼ਤ ਨਿਗਰਾਨੀ ਸ਼ੁਰੂ ਕੀਤੀ ਹੈ। ਇੱਥੇ ਹਰ ਸਾਲ ਇਕ ਲੱਖ ਤੋਂ ਜ਼ਿਆਦਾ ਪਰਵਾਸੀ ਪੰਛੀ ਆਉਂਦੇ ਹਨ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ 'ਚ ਮੌਜੂਦ ਗੋਵਿੰਦ ਸਾਗਰ ਤੇ ਕੋਲ ਡੈਮ 'ਚ ਵੀ ਪਰਵਾਸੀ ਪੰਛੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਬਰਡ ਫਲੂ ਨਾਲ ਨਜਿੱਠਣ ਲਈ ਇੰਤਜ਼ਾਮ ਕੀਤੇ ਗਏ ਹਨ।
ਰਾਜਸਥਾਨ
ਰਾਜਸਥਾਨ ਦੇ ਬਾਰਾਂ 'ਚ 100 ਤੋਂ ਜ਼ਿਆਦਾ ਪੰਛੀਆਂ ਦੀ ਰਹੱਸਮਈ ਮੌਤ ਤੋਂ ਬਾਅਦ ਵਣ ਵਿਭਾਗ ਨੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਹੈ। ਰਾਜਸਥਾਨ ਸਰਕਾਰ ਨੇ ਕਿਹਾ ਕਿ ਹੁਣ ਤਕ ਦੀ ਜਾਂਚ 'ਚ ਇਨਸਾਨਾਂ ਲਈ ਖਤਰੇ ਦੀ ਗੱਲ ਸਾਹਮਣੇ ਨਹੀਂ ਆਈ।
ਹਿਮਾਚਲ ਪ੍ਰਦੇਸ਼
ਇੱਥੋਂ ਦੇ ਕਾਂਗੜਾ ਜ਼ਿਲ੍ਹੇ ਦੇ ਪੋਂਗ ਝੀਲ 'ਚ ਹੁਣ ਤਕ ਤੇਈ ਸੌ ਪਰਵਾਸੀ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਬਰਡ ਫਲੂ ਦੀ ਪੁਸ਼ਟੀ ਤੋਂ ਬਾਅਦ ਮ੍ਰਿਤਕ ਪੰਛੀਆਂ ਨੂੰ ਜ਼ਮੀਨ 'ਚ ਦਫ਼ਨ ਕੀਤਾ ਜਾ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ