Sakshi Maharaj On Farm Laws: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਬੀਜੇਪੀ ਲੀਡਰਾਂ ਨੂੰ ਹਜ਼ਮ ਨਹੀਂ ਹੋ ਰਿਹਾ। ਬੀਜੇਪੀ ਲੀਡਰਾਂ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਉਲਟ ਬਿਆਨਬਾਜ਼ੀ ਕਰ ਰਹੇ ਹਨ। ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਮਗਰੋਂ ਹੁਣ ਬੀਜੇਪੀ ਦੇ ਸਾਂਸਦ ਸਾਕਸ਼ੀ ਮਹਾਰਾਜ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿੱਲ ਬਣਦੇ ਰਹਿੰਦੇ ਹਨ, ਖ਼ਰਾਬ ਹੁੰਦੇ ਰਹਿੰਦੇ ਹਨ, ਵਾਪਸ ਆ ਜਾਂਦੇ ਹਨ, ਦੁਬਾਰਾ ਬਣਦੇ ਰਹਿਣਗੇ, ਸਮਾਂ ਨਹੀਂ ਲੱਗਦਾ।

ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਤਾਰੀਫ਼ ਕੀਤੀ ਗਈ ਤੇ ਸੂਬੇ ਵਿੱਚ ਮੌਜੂਦਾ ਮੁੱਖ ਮੰਤਰੀ ਦਾ ਜਾਦੂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਯੋਗੀ ਆਦਿਤਿਆਨਾਥ ਦਾ ਸੂਬੇ ਵਿੱਚ ਕੋਈ ਤੋੜ ਨਹੀਂ ਹੈ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਕਸ਼ੀ ਮਹਾਰਾਜ ਨੇ ਕਿਹਾ, ''ਇਸ ਬਿੱਲ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਖੌਤੀ ਕਿਸਾਨਾਂ ਦੇ ਨਾਪਾਕ ਗਠਜੋੜ ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸੀ। ਮੋਦੀ ਜੀ ਤੇ ਭਾਜਪਾ ਲਈ ਰਾਸ਼ਟਰ ਸਭ ਤੋਂ ਪਹਿਲਾਂ ਹੈ। ਬਿੱਲ ਬਣਦੇ ਰਹਿੰਦੇ ਹਨ, ਵਿਗੜਦੇ ਰਹਿੰਦੇ ਹਨ, ਮੁੜ ਕੇ ਆਉਣਗੇ, ਮੁੜ ਬਣਦੇ ਰਹਿਣਗੇ, ਸਮਾਂ ਨਹੀਂ ਲੱਗਦਾ।

ਉਨ੍ਹਾਂ ਕਿਹਾ, "ਪਰ ਮੈਂ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਾਂਗਾ ਕਿ ਉਨ੍ਹਾਂ ਨੇ ਵੱਡਾ ਦਿਲ ਦਿਖਾਇਆ ਤੇ ਬਿੱਲ ਤੇ ਕੌਮ ਵਿੱਚੋਂ ਕੌਮ ਨੂੰ ਚੁਣਿਆ। ਇਹ ਗਲਤ ਇਰਾਦਿਆਂ ਵਾਲੇ ਉਨ੍ਹਾਂ ਲੋਕਾਂ 'ਤੇ ਤਿੱਖਾ ਵਾਰ ਹੈ ਜੋ ਸਟੇਜ ਤੋਂ ਪਾਕਿਸਤਾਨ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਜਿੱਥੋਂ ਤੱਕ ਚੋਣਾਂ ਦਾ ਸਵਾਲ ਹੈ, ਪੀਐਮ ਮੋਦੀ ਤੇ ਸੀਐਮ ਯੋਗੀ ਵਿੱਚ ਕੋਈ ਅੰਤਰ ਨਹੀਂ। ਯੂਪੀ ਵਿੱਚ ਸੀਐਮ ਯੋਗੀ ਦਾ ਜਾਦੂ ਬਰਕਰਾਰ ਹੈ।"

ਸਾਕਸ਼ੀ ਮਹਾਰਾਜ ਦੇ ਦਿੱਤੇ ਬਿਆਨ ਤੋਂ ਬਾਅਦ ਸਪਾ ਨੇ ਤਿੱਖਾ ਹਮਲਾ ਕੀਤਾ ਹੈ। ਸਮਾਜਵਾਦੀ ਪਾਰਟੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, ''ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ- ਫਿਰ ਭਾਜਪਾ ਸਰਕਾਰ ਖੇਤੀ ਬਿੱਲ ਲਿਆ ਸਕਦੀ ਹੈ। ਇਹ ਹੈ ਕਿਸਾਨਾਂ ਨੂੰ ਝੂਠੇ ਲਾਰੇ ਲਾਉਣ ਵਾਲਿਆਂ ਦਾ ਸੱਚ।"